ਜਗਰਾਉਂ, 23 ਸਤੰਬਰ (ਵਿਨੋਦ ਕੁਮਾਰ)-ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਵਿਸ਼ਵ ਭਰ ਦੇ ਵਿਚ 23 ਸਤੰਬਰ 2025 ਨੂੰ ਪੰਜਾਬੀ ਮਾਂ ਬੋਲੀ ਦਿਵਸ ਨੂੰ ਮਨਾਉਣ ਦੇ ਸੱਦੇ ਦਾ ਸਮਰਥਨ ਕਰਦਿਆਂ ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਵੀ ਬੜੀ ਉਮੰਗ ਅਤੇ ਉਤਸ਼ਾਹ ਨਾਲ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਗਿਆ | ਪੰਜਾਬ ਫਾਊਾਡੇਸ਼ਨ ਅਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਵਾਲੇ ਨੂੰ ਪੰਜਾਬੀ ਦਿਵਸ ਵਜੋਂ ਖਾਸ ਤੌਰ 'ਤੇ ਚੁਣਿਆ ਗਿਆ | ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਇਸ ਸ਼ਲਾਘਾ ਭਰਪੂਰ ਕੋਸ਼ਿਸ਼ ਦਾ ਭਰਪੂਰ ਸਮਰਥਨ ਕਰਦੇ ਹੋਏ ਸਕੂਲ ਵਿਚ ਪੰਜਾਬੀ ਗੀਤ, ਕਵਿਤਾਵਾਂ ਭਾਸ਼ਣ ਅਤੇ ਸਲੋਗਨਾਂ ਦਾ ਮੁਕਾਬਲਾ ਰੱਖਿਆ ਗਿਆ | ਜਿਸ ਵਿਚ ਨਾ ਸਿਰਫ਼ ਪੰਜਾਬੀ ਬਲਕਿ ਹਰ ਭਾਸ਼ਾ ਅਤੇ ਹਰ ਵਿਸ਼ੇ ਦੇ ਅਧਿਆਪਕਾਂ ਤੇ ਨਾਲ ਹੀ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਦੁਆਰਾ ਬਾਬਾ ਫਰੀਦ ਜੀ ਦੇ ਸਲੋਕਾਂ ਦਾ ਖਾਸ ਤੌਰ 'ਤੇ ਉਚਾਰਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਹਰ ਸਾਲ ਪੰਜਾਬੀ ਮਾਂ ਬੋਲੀ ਦਿਵਸ ਇਸੇ ਦਿਨ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਰਹੇਗਾ | ਪਿ੍ੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਕਿਹਾ ਕਿ ਫੈੱਡਰੇਸ਼ਨ ਆਫ ਪ੍ਰਾਈਵੇਟ ਐਸੋਸੀਏਸ਼ਨ ਵਲੋਂ ਕੀਤਾ ਇਹ ਉਪਰਾਲਾ ਇਕ ਇਤਿਹਾਸਿਕ ਕਦਮ ਹੈ |