ਰਾਏਕੋਟ, 24 ਸਤੰਬਰ (ਸੁਸ਼ੀਲ)-ਸ਼ਹਿਰ ਵਿਚ ਲਗਾਤਾਰ ਵੱਧ ਰਹੀ ਲਵਾਰਿਸ ਕੁੱਤਿਆਂ ਦੀ ਸਮੱਸਿਆ ਦੇ ਸਬੰਧ ਿ'ਚ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਕੌਂਸਲਰ ਬਲਜਿੰਦਰ ਸਿੰਘ ਰਿੰਪਾ ਅਤੇ ਸੁਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਮਿਲਿਆ, ਇਸ ਸਮੇਂ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਵੀ ਉੱਥੇ ਮੌਜੂਦ ਸਨ | ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਦਿੱਤੇ ਇੱਕ ਮੰਗ ਪੱਤਰ ਵਿਚ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਰਾਏਕੋਟ ਸ਼ਹਿਰ ਵਿਚ ਕੁੱਤਿਆਂ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਸਮੱਸਿਆ ਪੇਸ਼ ਆਉਂਦੀ ਹੈ, ਖਾਸਕਰ ਬੱਚਿਆਂ ਨੂੰ ਇਹ ਕੁੱਤੇ ਆਪਣਾ ਨਿਸ਼ਾਨਾ ਬਣਾਉਂਦੇ ਹਨ, ਜਿਸ ਕਾਰਨ ਕੁੱਤਿਆਂ ਦੇ ਕੱਟਣ ਦੇ ਕੇਸਾਂ 'ਚ ਕਾਫ਼ੀ ਵਾਧਾ ਹੋਇਆ ਹੈ, ਕਿਉਂਕਿ ਇਹ ਲਵਾਰਿਸ ਕੁੱਤੇ ਸ਼ਹਿਰ ਦੇ ਹਰੇਕ ਗਲੀ ਮੁਹੱਲਿਆਂ 'ਚ ਝੁੰਡ ਬਣਾ ਕੇ ਫਿਰਦੇ ਹਨ ਅਤੇ ਮੌਕਾ ਦੇਖ ਕੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਫਿਰਦੇ ਕੁੱਤਿਆਂ 'ਤੇ ਕਾਬੂ ਪਾਉਣ ਤੋਂ ਇਲਾਵਾ ਪਾਲਤੂ ਕੁੱਤਿਆਂ ਦੀ ਵੀ ਵੈਰੀਫਿਕੇਸ਼ਨ ਕਰਵਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਹਲਕਾਅ ਸਬੰਧੀ ਟੀਕਾਕਰਨ ਕਵਾਉਣ ਦੀ ਹਦਾਇਤ ਜਾਰੀ ਕੀਤੀ ਜਾਵੇ | ਇਸ ਸਬੰਧ 'ਚ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੇ ਵਫ਼ਦ 'ਚ ਸ਼ਾਮਿਲ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿਹਾ ਕਿ ਲਵਾਰਿਸ ਕੁੱਤਿਆਂ ਦੀ ਵਧਦੀ ਤਾਦਾਦ 'ਤੇ ਕਾਬੂ ਪਾਉਣ ਲਈ ਪਹਿਲ ਦੇ ਆਧਾਰ 'ਤੇ ਨਸਬੰਧੀ ਸਬੰਧੀ ਟੈਂਡਰ ਲਗਾਉਣਗੇ | ਇਸ ਮੌਕੇ ਵਫ਼ਦ ਵਿੱਚ ਸੁਖਵੀਰ ਸਿੰਘ ਰਾਏ, ਰਾਜੂ ਰਾਏਕੋਟ, ਰਮਨ ਮਾਨ, ਕੌਂਸਲਰ ਗੁਰਦਾਸ ਮਾਨ, ਐਡਵੋਕੇਟ ਸੰਨੀ ਭੰਗਾਨੀ, ਪ੍ਰਦੀਪ ਸਿੰਘ ਸਿੱਧੂ, ਜਸਕਮਲ ਸਿੰਘ, ਬੱਬੂ ਰਾਏਕੋਟ, ਸੁਖਚੈਨ ਸਿੰਘ ਰਾਏ, ਲਖਵੀਰ ਸਿੰਘ ਰਾਏ, ਲਾਡੀ ਰਾਏਕੋਟ, ਗੁਰਜੰਟ ਸਿੰਘ ਧਾਲੀਵਾਲ ਆਦਿ ਸ਼ਾਮਿਲ ਸਨ |