ਚੌਂਕੀਮਾਨ, 24 ਸਤੰਬਰ (ਤੇਜਿੰਦਰ ਸਿੰਘ ਚੱਢਾ)-ਅੱਜ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਦੇ ਸੱਦੇ 'ਤੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਵਿਸ਼ਵ ਪੰਜਾਬੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਡਾ. ਜਗਜੀਤ ਸਿੰਘ ਧੂਰੀ ਦੇ ਉਚੇਚੇ ਯਤਨਾਂ ਸਦਕਾਂ ਵਿਸ਼ਵ ਪੰਜਾਬੀ ਦਿਵਸ ਦਾ ਸੁਨੇਹਾ ਪੂਰੇ ਵਿਸ਼ਵ ਵਿਚ ਬੈਠੇ ਪੰਜਾਬੀਆਂ ਨੇ ਪੂਰੀ ਸੁਹਿਰਦਤਾ ਨਾਲ ਲਿਆ | ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ 'ਚ ਸਕੂਲ ਪਹੁੰਚੇ ਤੇ ਸੁਲੇੇਖ ਮੁਕਾਬਲਿਆਂ 'ਚ ਭਾਗ ਲਿਆ | ਇਸ ਮੌਕੇ ਸੀਨੀਅਰ ਸੈਕੰਡਰੀ ਸੈਕਸ਼ਨ ਦੇ ਵਿਦਿਆਰਥੀਆਂ ਦਾ ਇਕ ਵਿਸ਼ੇਸ਼ ਸਮਾਗਮ 'ਸਾਨੂੰ ਮਾਣ ਪੰਜਾਬੀ ਹੋਣ ਦਾ' ਕਰਵਾਇਆ ਗਿਆ | ਇਸ ਦੌਰਾਨ ਸਕੂਲ ਦੇ ਕਲਾਕਾਰ ਵਿਦਿਆਰਥੀ ਈਸ਼ਵਰਪਾਲ ਸਿੰਘ ਨੇ 'ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ' ਗੀਤ ਗਾ ਕੇ ਰੰਗ ਬੰਨਿ੍ਹਆਂ, +2 ਦੀਆਂ ਵਿਦਿਆਰਥਣਾ ਸੁਖਮਨਦੀਪ ਕੌਰ, ਕਰੁਣਾ ਸਹਿਜਪਾਲ, ਸਿਮਰਨਜੋਤ ਕੌਰ ਤੇ ਲਵਲੀਨ ਕੌਰ ਨੇ 'ਜੁੱਗ-ਜੁੱਗ ਜਿਊਣ ਸਰੋਤੇ ਮਾਂ-ਬੋਲੀ ਪੰਜਾਬੀ ਦੇ' ਗਾ ਕੇ ਸਭ ਦਾ ਮਨ ਜਿੱਤਿਆ | ਮੈਡਮ ਰਮਨਪ੍ਰੀਤ ਕੌਰ ਪੰਜਾਬੀ ਅਧਿਆਪਕਾ ਨੇ ਕਿਹਾ ਕਿ ਮਨੁੱਖ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜ਼ਿਆਦਾਤਰ ਆਪਣੀ ਮਾਤ ਭਾਸ਼ਾ ਵਿਚ ਹੀ ਕਰ ਸਕਦਾ ਹੈ | ਇਸ ਮੌਕੇ ਮੈਡਮ ਹਰਮਨਦੀਪ ਕੌਰ ਪੰਜਾਬੀ ਅਧਿਆਪਕਾ ਨੇ ਕਿਹਾ ਕਿ ਅੱਜ ਦੁਨੀਆਂ ਦੇ ਚੋਟੀ ਦੇ ਹਵਾਈ ਅੱਡਿਆਂ ਉੱਪਰ ਸੂਚਕ ਬੋਰਡ ਪੰਜਾਬੀ ਵਿਚ ਲਗਾਏ ਗਏ ਹਨ, ਜੋ ਪੰਜਾਬੀਆਂ ਦਾ ਦੁਨੀਆਂ ਵਿਚ ਇਕ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੋਣ ਦਾ ਪ੍ਰਤੀਕ ਹਨ | ਪਿ੍ੰਸੀਪਲ ਬਲਦੇਵ ਬਾਵਾ ਨੇ ਵਿਸ਼ਵ ਪੰਜਾਬੀ ਦਿਵਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਦੇ ਸਲੋਕ ਜਿੱਥੇ ਜੀਵਨ ਨੂੰ ਸੇਧ ਦਿੰਦੇ ਹਨ, ਉੱਥੇ ਬਾਬਾ ਫ਼ਰੀਦ ਜੀ ਨੇ ਭਾਸ਼ਾ ਪੱਖੋਂ ਬਹੁਤ ਅਮੀਰ ਤੇ ਪ੍ਰਗਟਾਵੇ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ | ਉਨ੍ਹਾਂ ਕਿਹਾ ਕਿ ਅਜੋਕੀ ਨਵੀਂ ਟੈਕਨਾਲੋਜੀ ਅਤੇ ਨਵੇਂ ਦੌਰ ਵਿਚ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਪ੍ਰਫੁੱਲਿਤ ਹੋਵੇ | ਇਸ ਮੌਕੇ ਸਕੂਲ ਦੀਆਂ ਪੰਜਾਬੀ ਅਧਿਆਪਕਾਵਾਂ ਰਮਨਪ੍ਰੀਤ ਕੌਰ ਅਤੇ ਹਰਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਗੁਰਚਰਨ ਸਿੰਘ, ਗੁਰਿੰਦਰਪਾਲ ਸਿੰਘ, ਮੈਡਮ ਅੰਮਿ੍ਤਪਾਲ ਕੌਰ, ਮੈਡਮ ਸੁਖਦੀਪ ਕੌਰ ਹਾਜ਼ਰ ਸਨ |