10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਭਾਕਿਯੂ ਪੰਜਾਬ ਵਲੋਂ ਜਗਰਾਉਂ-ਨਕੋਦਰ ਮਾਰਗ ਨਾ ਬਣਨ ਦੀ ਸੂਰਤ 'ਚ 20 ਨੂੰ ਚੱਕਾ ਜਾਮ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 01-11-2025
ਸਿੱਧਵਾਂ ਬੇਟ, 31 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਨਜ਼ਦੀਕ ਜਗਰਾਉਂ-ਨਕੋਦਰ ਮਾਰਗ 'ਤੇ ਬਣੇ ਰੋਹਿਨ-ਰਾਜਦੀਪ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ 'ਤੇ ਬੰਦ ਕਰਵਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਥਾਨਕ ਆਗੂਆਂ ਨੇ ਅੱਜ ਟੋਲ ਵਾਲੀ ਜਗ੍ਹਾ 'ਤੇ ਮੀਟਿੰਗ ਕਰਕੇ ਜਿੱਥੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਫ਼ੈਸਲਾ ਲਿਆ ਕਿ ਜੇਕਰ 20 ਨਵੰਬਰ ਤੱਕ ਸੂਬਾ ਸਰਕਾਰ ਨੇ ਥਾਂ-ਥਾਂ ਤੋਂ ਟੁੱਟੇ ਪਏ ਜਗਰਾਉਂ-ਨਕੋਦਰ ਨਾਰਗ 'ਤੇ ਪ੍ਰ੍ਰੀਮਿਕਸ ਨਾ ਪਾਈ ਤਾਂ ਇਸ ਮਾਰਗ ਨੂੰ ਠੱਪ ਕਰਕੇ ਚੱਕਾ ਜਾਮ ਕਰ ਦਿੱਤਾ ਜਾਵੇਗਾ | ਇਸ ਮੌਕੇ ਸੂਬਾ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰਾ ਅਤੇ ਸੀਨੀਅਰ ਕਿਸਾਨ ਆਗੂ ਸਾਬਕਾ ਸਰਪੰਚ ਤੇਜਿੰਦਰਪਾਲ ਸਿੰਘ ਸਿੱਧੂ ਕੰਨੀਆਂ ਖੁਰਦ ਨੇ ਆਖਿਆ ਕਿ ਸੂਬਾ ਸਰਕਾਰ ਦਾ ਇਸ ਟੋਲ ਨੂੰ ਬੰਦ ਕਰਵਾਉਣ ਵਿਚ ਕੋਈ ਯੋਗਦਾਨ ਨਹੀਂ ਹੈ ਕਿਉਂਕਿ ਸਾਡੀ ਜਥੇਬੰਦੀ ਨੇ ਤਾਂ 19 ਸਤੰਬਰ ਨੂੰ ਇਸ ਟੋਲ ਨੂੰ ਇਸ ਕਰਕੇ ਫਰੀ ਕਰ ਦਿੱਤਾ ਸੀ ਕਿ ਜਿੰਨ੍ਹਾਂ ਚਿਰ ਕੰਪਨੀ ਵਾਲੇ ਇਸ ਮਾਰਗ 'ਤੇ ਪ੍ਰੀਮਿਕਸ ਨਹੀਂ ਪਾਉਂਦੇ ਉਨ੍ਹਾਂ ਚਿਰ ਅਸੀਂ ਇਸ ਨੂੰ ਫਰੀ ਹੀ ਰੱਖਾਂਗੇ | ਉਸ ਸਮੇਂ ਕੰਪਨੀ ਦੇ ਮੈਨੇਜ਼ਰ ਨੇ ਇਹ ਸਫ਼ਾਈ ਦਿੱਤੀ ਸੀ ਕਿ ਸਾਡੇ ਖਾਤੇ ਵਿਚ ਕਰੀਬ 7 ਕਰੋੜ ਰੁਪਏ ਜਮ੍ਹਾਂ ਹਨ, ਪਰ ਸੂਬਾ ਸਰਕਾਰ ਨੇ ਜਾਣਬੁੱਝ ਕੇ ਸਾਡਾ ਖਾਤਾ ਸੀਲ ਕਰ ਰੱਖਿਆ ਹੈ ਜੇਕਰ ਸਰਕਾਰ ਸਾਨੂੰ ਖਾਤੇ ਵਿਚੋਂ ਰਕਮ ਕਢਵਾਉਣ ਦੀ ਮਨਜ਼ੂਰੀ ਦੇਵੇ ਤਾਂ ਅਸੀਂ ਇਸ ਮਾਰਗ 'ਤੇ ਤੁਰੰਤ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦੇਵਾਂਗੇ, ਪਰ ਸਰਕਾਰ ਨੇ ਅਜਿਹਾ ਨਾ ਕਰਕੇ ਟੋਲ ਦੇਣ ਵਾਲੇ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ | ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪੰਜਾਬ ਸਿਆਸੀ ਲਾਹਾ ਲੈਣ ਲਈ ਇਸ ਟੋਲ 'ਤੇ ਆ ਸਕਦੇ ਹਨ, ਪਰ ਜੇਕਰ ਮਾਨ ਸਾਹਿਬ ਇਸ ਮਾਰਗ 'ਤੇ ਪ੍ਰੀਮਿਕਸ ਪਾਏ ਬਿਨਾਂ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ, ਪਰ ਜੇਕਰ ਉਹ ਪ੍ਰੀਮਿਕਸ ਪਵਾ ਕੇ ਆਉਂਦੇ ਹਨ ਤਾਂ ਸਾਡੀ ਜਥੇਬੰਦੀ ਉਨ੍ਹਾਂ ਦਾ ਸਵਾਗਤ ਕਰੇਗੀ | ਕਿਸਾਨ ਆਗੂਆਂ ਨੇ ਇਸ ਮੌਕੇ ਹਲਕਾ ਵਿਧਾਇਕ 'ਤੇ ਵੀ ਲੋਕਾਂ ਦੀ ਸਾਰ ਨਾ ਲੈਣ ਦੇ ਦੋਸ਼ ਲਗਾਏ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ, ਤਹਿਸੀਲ ਪ੍ਰਧਾਨ ਗੁਰਦੀਪ ਸਿੰਘ, ਦਵਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ, ਜਗਜੀਤ ਸਿੰਘ ਬਘੇਲਾ, ਕੁਲਵੰਤ ਸਿੰਘ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਸਰਪੰਚ ਮੱਖਣ ਸਿੰਘ, ਪਰਮਿੰਦਰ ਸਿੰਘ ਸ਼ਾਹਪੁਰ, ਰਾਣਾ ਸਿੰਘ, ਨਵਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ 'ਚ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਅਗਲੀ ਖ਼ਬਰ ਤਰਨ ਤਾਰਨ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਟੁੱਟੇ ਧੁੱਸੀ ਬੰਨ੍ਹ ਨੂੰ ਪੂਰੇ ਜਾਣ ਦਾ ਕਾਰਜ ਪੂਰਾ <br/>
Ad Position 24