ਮੁੱਲਾਂਪੁਰ-ਦਾਖਾ, 31 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਕੁਦਰਤੀ ਆਫ਼ਤ ਮੀਂਹ (ਬਰਸਾਤੀ ਪਾਣੀ) ਕਰਕੇ ਜਿਥੇ ਹੜ੍ਹਾਂ ਦਾ ਪਾਣੀ ਕਿਸਾਨਾਂ ਦੀ ਫ਼ਸਲ ਰੋੜ੍ਹ ਕੇ ਲੈ ਗਿਆ, ਉਥੇ ਮਾਲਵਾ ਪੱਟੀ 'ਚ ਬਚੀ-ਖੁਚੀ ਝੋਨੇ ਦੀ ਫ਼ਸਲ ਅਣਕਿਆਸੇ ਮੀਂਹ ਨਾਲ ਹਲਦੀ ਰੋਗ, ਬੌਨੇ ਵਾਇਰਸ ਦੀ ਲਪੇਟ ਵਿਚ ਆ ਗਈ, ਜਿਸ ਨਾਲ 10 ਕੁਇੰਟਲ ਪ੍ਰਤੀ ਏਕੜ ਝੋਨੇ ਦਾ ਝਾੜ ਘਟਿਆ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਲਈ ਕੋਰ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਵਲੋਂ ਕੀਤਾ | ਜਸਕਰਨ ਦਿਓਲ ਨੇ ਕਿਹਾ ਕਿ ਕੁਦਰਤੀ ਆਫਤਾਂ 'ਚ ਘਿਰੇ ਕਿਸਾਨ-ਮਜ਼ਦੂਰ ਦੀ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਬਾਂਹ ਫੜ੍ਹਨੀ ਚਾਹੀਦੀ ਹੈ ਤਾਂ ਜੋ ਗੁਰਬਤ ਵਿਚ ਗੁਜ਼ਰ ਰਹੀ ਕਿਰਸਾਨੀ ਨੂੰ ਬਚਾਇਆ ਜਾ ਸਕੇ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਵਲੋਂ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਅਜਿਹੇ ਦੌਰ 'ਚ ਸਰਕਾਰ ਨੂੰ ਖੇਤ ਮਜ਼ਦੂਰਾਂ ਦੀ ਵੀ ਵਿੱਤੀ ਮੱਦਦ ਕਰਨੀ ਚਾਹੀਦੀ ਹੈ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਬੋਨਸ ਦੇ ਰੂਪ 'ਚ ਸਰਕਾਰਾਂ ਵਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਮਾਲ ਵਿਭਾਗ ਨੂੰ ਤੁਰੰਤ ਗਿਰਦਾਵਰੀ ਦਾ ਸੰਕੇਤ ਦਿੱਤਾ ਜਾਵੇ ਤਾਂ ਜੋ ਸਹੀ ਸਮੇਂ 'ਤੇ ਸਹੀ ਵਿਅਕਤੀ ਨੂੰ ਸਹਾਇਤਾ ਪਹੁੰਚ ਸਕੇ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੜ੍ਹ ਪੀੜਤ ਇਲਾਕਿਆਂ 'ਚ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਕਣਕ ਦਾ ਬੀਜ ਦੇਣ ਤੋਂ ਬੇਵੱਸ ਰਿਹਾ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਨਾਲ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਹਾੜ੍ਹੀ ਦੀ ਫ਼ਸਲ ਲਈ ਕਣਕ ਦਾ ਬੀਜ ਅਕਾਲੀ ਦਲ ਨੇ ਸਮੇਂ ਸਿਰ ਮੁਹੱਈਆ ਕਰਵਾਇਆ |