ਜਗਰਾਉਂ, 31 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਿੱਖ ਕੌਮ ਦੇ ਇਤਿਹਾਸ ਦਾ ਅੱਖਰ-ਅੱਖਰ ਸ਼ਹਾਦਤਾਂ ਨਾਲ ਲਿਖਿਆ ਗਿਆ ਹੈ | ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਨ੍ਹਾਂ ਸ਼ਹਾਦਤਾਂ 'ਚੋਂ ਇਕ ਵੀ ਅਜਿਹੀ ਸ਼ਹਾਦਤ ਨਹੀਂ ਮਿਲਦੀ ਜੋ ਨਿੱਜ ਲਈ ਹੋਈ ਹੋਵੇ | ਇਹ ਸ਼ਹਾਦਤਾਂ ਜ਼ੁਲਮ ਦੇ ਵਿਰੋਧ ਲਈ ਹੋਈਆਂ ਹਨ | ਇਹ ਪ੍ਰਗਟਾਵਾ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਥਾਪਨਾ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦਾ ਬੋਲਬਾਲਾ ਸਥਾਪਿਤ ਕਰਨ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ | ਗੁਰੂ ਸਾਹਿਬਾਨਾਂ ਨੇ ਸ਼ਹਾਦਤਾਂ ਦੀ ਇਹ ਰੀਤ ਪਹਿਲਾ ਖੁਦ ਤੇ ਪਰਿਵਾਰਾਂ ਦੀਆਂ ਸ਼ਹਾਦਤਾਂ ਦੇ ਕੇ ਸ਼ੁਰੂ ਕੀਤੀ ਅਤੇ ਬਾਅਦ 'ਚ ਖ਼ਾਲਸਾ ਪੰਥ ਦੀ ਝੋਲੀ ਪਾਈ ਗਈ ਹੈ | ਉਨ੍ਹਾਂ ਕਿਹਾ ਕਿ ਸਿੱਖ ਕੌਮ ਪੂਰੇ ਸੰਸਾਰ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੀਂ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾ ਰਹੀ ਹੈ | ਉਨ੍ਹਾਂ ਆਖਿਆ ਕਿ ਇਹ ਸ਼ਹੀਦੀ ਦਿਹਾੜਾ ਸਿਰਫ਼ ਸਮਾਗਮਾਂ ਤੱਕ ਹੀ ਨਾ ਸੀਮਤ ਰਹੇ ਬਲਕਿ ਇਸ ਸ਼ਹਾਦਤ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾਇਆ ਜਾਵੇ |