ਜਗਰਾਉਂ, 1 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਯੂਨੀਰਾਈਜ਼ ਵਰਲਡ ਸਕੂਲ ਵਿਖੇ ਪੰਜਾਬ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਰਾਹੀਂ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਮਾਤ ਭੂਮੀ ਪ੍ਰਤੀ ਅਥਾਹ ਪਿਆਰ ਦਿਖਾਉਣ ਦਾ ਇਕ ਵਧੀਆ ਮੌਕਾ ਮਿਲਿਆ | ਵਿਦਿਆਰਥੀਆਂ ਨੇ ਪੰਜਾਬ (ਪੰਜ ਦਰਿਆਵਾਂ ਦੀ ਧਰਤੀ) ਦੇ ਇਤਿਹਾਸ ਬਾਰੇ ਗੱਲਬਾਤ ਕੀਤੀ | ਵੱਖ-ਵੱਖ ਗਤੀਵਿਧੀਆਂ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਅਮੀਰ ਸਾਹਿਤ ਅਤੇ ਰੀਤੀ-ਰਿਵਾਜਾਂ ਨੂੰ ਪ੍ਰਦਰਸ਼ਿਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਭਾਸ਼ਣ ਦੇ ਨਾਲ ਹੋਈ ਅਤੇ ਇਸ ਤੋਂ ਬਾਅਦ ਪਾਵਰ ਪੁਆਇੰਟ ਦੀ ਪੇਸ਼ਕਾਰੀ ਰਾਹੀਂ ਨਵੇਂ ਅਤੇ ਪੁਰਾਣੇ ਪੰਜਾਬ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਠੇਠ ਪੰਜਾਬੀ ਲੋਕ ਗੀਤ ਜਿਵੇਂ ਘੋੜੀ, ਸੁਹਾਗ ਅਤੇ ਗੀਤ ਪੇਸ਼ ਕੀਤੇ ਗਏ | ਫਿਰ ਯੂੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਵਲੋਂ ਇਕ ਲਘੂ ਨਾਟਕ 'ਆਪਣਾ ਸੱਭਿਆਚਾਰ' ਪੇਸ਼ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਮੌਜੂਦਾ ਹਾਲਤ ਅਤੇ ਸੰਸਕਾਰਾਂ ਬਾਰੇ ਸੰਦੇਸ਼ ਦਿੱਤਾ | ਫਿਰ ਬਹੁਤ ਹੀ ਧੂਮਧਾਮ ਨਾਲ ਭੰਗੜਾ ਪੇਸ਼ ਕੀਤਾ ਗਿਆ | ਯੂਨੀਰਾਈਜ਼ ਵਰਲਡ ਸਕੂਲ ਦੇ ਚੇਅਰਮੈਨ ਰਕੇਸ਼ ਅੱਗਰਵਾਲ ਨੇ ਵਿਸ਼ੇਸ਼ ਪ੍ਰਾਰਥਨਾ ਸਭਾ ਦੇ ਆਯੋਜਨ ਲਈ ਸਾਰਿਆਂ ਦੀ ਸ਼ਲਾਘਾ ਕੀਤੀ ਅਤੇ ਮੈਨੇਜਿੰਗ ਡਾਇਰੈਕਟਰ ਸ਼ੀਫੂ ਅੱਗਰਵਾਲ ਅਤੇ ਡਾਇਰੈਕਟਰ ਸ਼੍ਰੀਮਤੀ ਡਾ: ਪਲਵੀ ਅੱਗਰਵਾਲ ਨੇ ਪੰਜਾਬ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹੋਏ ਪੰਜਾਬ ਦਿਵਸ ਦੀ ਸਭ ਨੂੰ ਮੁਬਾਰਕਬਾਦ ਦਿੱਤੀ | ਅੰਤ ਵਿਚ ਮੁੱਖ ਅਧਿਆਪਕਾ ਸ਼੍ਰੀਮਤੀ ਨੇਹਾ ਰਤਨ ਨੇ ਵਿਦਿਆਰਥੀਆਂ ਨੂੰ ਇਹ ਪ੍ਰਣ ਕਰਨ ਲਈ ਕਿਹਾ ਕਿ ਉਹ ਪੰਜਾਬ ਨੂੰ ਬੁਰਾਈਆਂ ਤੋਂ ਮੁਕਤ ਕਰਕੇ ਇਸ ਨੂੰ ਇਕ ਵਧੀਆ ਸਥਾਨ ਬਣਾਉਣ ਲਈ ਕੰਮ ਕਰਨਗੇ |