ਹੰਬੜਾਂ, 2 ਨਵੰਬਰ (ਮੇਜਰ ਹੰਬੜਾਂ)-ਪਿੰਡ ਭੱਟੀਆਂ ਢਾਹਾ ਵਿਖੇ ਜਿਉਂ ਹੀ ਪਾਵਰਕਾਮ ਮਹਿਕਮੇਂ ਦੇ ਕਰਮਚਾਰੀ ਚਿੱਪ ਵਾਲੇ ਮੀਟਰਾਂ ਦੀ ਡਿਜ਼ੀਟਲ ਤਰੀਕੇ ਨਾਲ ਰੀਡਿੰਗ ਲੈਣ ਪੁੱਜੇ ਤਾਂ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਾਕਮ ਸਿੰਘ ਭੱਟੀਆਂ, ਹੰਬੜਾਂ ਬਲਾਕ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਗਿੱਲ, ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ ਬਾਣੀਏਵਾਲ, ਡਾਇ.ਕੁਲਦੀਪ ਸਿੰਘ ਫਾਗਲਾ, ਹਰਬੰਸ ਸਿੰਘ ਬੀਰਮੀ ਸਮੇਤ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਘਿਰਾਓ ਕਰਦਿਆਂ ਡੱਟਵਾਂ ਵਿਰੋਧ ਕੀਤਾ | ਇਸ ਮੌਕੇ ਯੂਨੀਅਨ ਆਗੂ ਤੇ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਜਿਤਾਉਂਦਿਆ ਪਾਵਰਕਾਮ ਮਹਿਕਮੇ ਸਮੇਤ ਸੂਬੇ ਦੀ 'ਆਪ' ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਮਾਮਲਾ ਭਖਦਾ ਦੇਖਕੇ ਪਾਵਰਕਾਮ ਮਹਿਕਮੇ ਨੂੰ ਪੁਲਿਸ ਦਾ ਸਹਾਰਾ ਲੈਣਾ ਪਿਆ ਤੇ ਪੁਲਿਸ ਥਾਣਾ ਮੁੱਲਾਂਪੁਰ-ਦਾਖਾ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜਕੇ ਲੋਕਾਂ ਨੂੰ ਸ਼ਾਂਤ ਕੀਤਾ | ਇਸ ਮੌਕੇ ਪ੍ਰਧਾਨ ਹਾਕਮ ਸਿੰਘ ਭੱਟੀਆਂ ਨੇ ਕਿਹਾ ਕਿ ਪਾਵਰਕਾਮ ਮਹਿਕਮੇ ਨੂੰ ਚਿੱਪ ਵਾਲੇ ਮੀਟਰ ਦੀ ਮਸ਼ੀਨਾਂ ਰਾਹੀਂ ਰੀਡਿੰਗ ਨਹੀਂ ਲੈਣ ਦੇਵਾਂਗੇ | ਸਵੇਰ ਤਕਰੀਬਨ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਦੋਂ ਮਾਮਲਾ ਹੋਰ ਭਖਦਾ ਦਿਸਿਆ ਤਾਂ ਪੁਲਿਸ ਦੀ ਮੌਜੂਦਗੀ 'ਚ ਪਾਵਰਕਾਮ ਮਹਿਕਮੇ ਦੇ ਕਰਮਚਾਰੀਆਂ ਵਲੋਂ ਜੋ ਮਸ਼ੀਨ ਰਾਹੀਂ ਸਕੈਨ ਕਰਕੇ ਰੀਡਿੰਗ ਲਈ ਗਈ ਸੀ ਨੂੰ ਡਿਲੀਟ ਕਰਕੇ ਪਹਿਲਾਂ ਵਾਂਗ ਹੀ ਮੀਟਰ ਦੀਆਂ ਯੂਨਿਟਾਂ ਨੂੰ ਲਿਖਤੀ ਤਰੀਕੇ ਨਾਲ ਲੈਣ 'ਤੇ ਸਹਿਮਤ ਹੋਣ ਉਪਰੰਤ ਹੀ ਕਰਮਚਾਰੀਆਂ ਨੂੰ ਜਾਣ ਦਿੱਤਾ ਗਿਆ | ਇਸ ਸਬੰਧੀ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ. ਇੰਜ. ਅਮਨਦੀਪ ਸਿੰਘ ਪੰਧੇਰ ਨੇ ਕਿਹਾ ਨਵੇਂ ਮੀਟਰਾਂ ਦੀ ਰੀਡਿੰਗ ਲੈਣ ਉਪਰੰਤ ਬਿਜਲੀ ਖਪਤ ਦੇ ਬਿੱਲ ਕੱਢੇ ਜਾ ਰਹੇ ਹਨ, ਜਿਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਜੋ ਵੀ ਉੱਚ ਅਧਿਕਾਰੀ ਫ਼ੈਸਲਾ ਲੈਣਗੇ ਉਸ ਮੁਤਾਬਕ ਹੀ ਅਗਲੀ ਰੀਡਿੰਗ ਲਈ ਜਾਵੇਗੀ |