ਈਸੜੂ, 23 ਨਵੰਬਰ (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350ਵੇਂ ਸ਼ਹੀਦੀ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਸ਼ਹੀਦੀ ਪੁਰਬ ਨੂੰ ਸਮਰਪਿਤ ਸਕੂਲ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ | ਵਿਦਿਆਰਥੀਆਂ ਦੀਆਂ ਦੌੜਾਂ, ਲੰਬੀ ਛਾਲ, ਸ਼ਾਟ ਪੁੱਟ, ਡਿਸਕਸ ਥਰੋਅ, ਖੋ-ਖੋ, ਵਾਲੀਬਾਲ, ਫੁੱਟਬਾਲ ਅਤੇ ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ | ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਸ਼ਹੀਦੀ ਪੁਰਬ ਨੂੰ ਸਮਰਪਿਤ ਸਕੂਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭੋਗ ਉਪਰੰਤ ਖੁੱਲੇ੍ਹ ਪੰਡਾਲ ਵਿੱਚ ਵਿਦਿਆਰਥੀਆਂ ਵੱਲੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ, ਧਾਰਮਿਕ ਗੀਤ, ਕਵਿਤਾਵਾਂ, ਭਾਸ਼ਣ ਆਦਿ ਪੇਸ਼ ਕੀਤੇ ਗਏ | ਸ਼ਹੀਦੀ ਪੁਰਬ ਨੂੰ ਸਮਰਪਿਤ ਸਕੂਲ ਵੱਲੋਂ ਸ਼ਹੀਦੀ ਪ੍ਰਦਰਸ਼ਨੀ ਪੇਸ਼ ਕੀਤੀ ਗਈ ਜਿਸ ਨੂੰ ਸੰਗਤ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ | ਇਸ ਸਮਾਗਮ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ ਪੰਜਾਬ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ, ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ, ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ, ਇਲਾਕੇ ਦੇ ਪਤਵੰਤੇ ਸੱਜਣ, ਬੱਚਿਆਂ ਦੇ ਮਾਤਾ ਪਿਤਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ | ਅਕਾਦਮਿਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਪਿ੍ੰਸੀਪਲ ਨੇਹਾ ਢੱਲ ਨੇ ਗੁਰੂ ਜੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਮਾਗਮ ਵਿਚ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਮੀਤ ਸਿੰਘ ਸਾਬਕਾ ਸਰਪੰਚ , ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਅਤੇ ਦਲਜੀਤ ਸਿੰਘ ਬੈਨੀਪਾਲ ਨੇ ਗੁਰੂ ਜੀ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |