ਜਗਰਾਉਂ, 7 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰੂ ਸਾਹਿਬਾਨਾਂ ਨੇ ਹਰ ਸਿੱਖ ਨੂੰ ਆਪਣੀ ਹੱਕ ਸੱਚ ਦੀ ਕਮਾਈ ਅਤੇ ਸੁਆਸਾਂ ਦਾ ਦਸਵਾਂ ਹਿੱਸਾ ਭਾਵ ਦਸਵੰਧ ਕੱਢਣ ਲਈ ਹੁਕਮ ਕੀਤਾ ਹੈ | ਜੇਕਰ ਕੋਈ ਪਰਿਵਾਰ ਰੱਜਿਆ ਪੁੱਜਿਆ ਹੈ ਤਾਂ ਉਹ ਦਸਵੇਂ ਹਿੱਸੇ ਤੋਂ ਵੱਧ ਵੀ ਦਸਵੰਧ ਕੱਢ ਸਕਦਾ ਹੈ | ਇਸ ਦਸਵੰਧ ਨੂੰ ਸਿਰਫ਼ ਤੇ ਸਿਰਫ਼ ਲੋੜਵੰਦਾਂ ਦੀ ਖੁਸ਼ਹਾਲੀ ਲਈ ਹੀ ਵਰਤਿਆ ਜਾਵੇ | ਇਹ ਸ਼ਬਦ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਆਖਿਆ ਕਿ ਇਸ ਦਸਵੰਧ ਨੂੰ ਹਰ ਸ਼ਹਿਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਕੀਤਾ ਜਾਵੇ ਅਤੇ ਇਥੋਂ ਹੀ ਜਿਥੇ ਲੋੜ ਹੋਵੇ ਉੱਥੇ ਵਰਤਿਆ ਜਾਵੇ | ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਕ ਕਮੇਟੀ ਬਣਨੀ ਚਾਹੀਦੀ ਹੈ ਜੋ ਸੰਸਾਰ ਦੇ ਕਿਸੇ ਵੀ ਕੋਨੇ 'ਤੇ ਆਉਂਦੀ ਆਫ਼ਤ ਮੌਕੇ ਲੋੜਵੰਦਾਂ ਦੀ ਮਦਦ ਕਰ ਸਕੇ | ਉਨ੍ਹਾਂ ਇਸ ਤੋਂ ਇਲਾਵਾ ਇਹ ਵੀ ਆਖਿਆ ਕਿ ਇਸ ਦਸਵੰਧ ਨੂੰ ਸਿੱਖਿਆ, ਡਾਕਟਰੀ, ਸਫ਼ਾਈ, ਸਮਾਜ ਸੇਵੀ ਕਾਰਜਾਂ, ਖੇਡਾਂ, ਵਾਤਾਵਰਣ ਆਦਿ ਖੇਤਰਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਵਰਤਿਆ ਜਾਵੇ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕਰਕੇ ਮਨੁੱਖਤਾ ਦਾ ਪ੍ਰਸਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਕਰਨ ਨਾਲ ਸਿੱਖ ਕੌਮ ਦੀ ਪਛਾਣ ਸੰਸਾਰ ਪੱਧਰ 'ਤੇ ਧਰੂ ਤਾਰੇ ਵਾਂਗ ਚਮਕੇਗੀ |