ਜਗਰਾਉਂ, 7 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਰਿਟਾ: ਮਿਉਂਸਪਲ ਵਰਕਰਜ਼ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਯੂਨੀਅਨ ਦੇ ਸੂਬਾ ਸਲਾਹਕਾਰ ਰਣਬੀਰ ਰਾਣਾ ਅਤੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਵੀ ਸ਼ਾਮਿਲ ਹੋਏ | ਮੀਟਿੰਗ 'ਚ ਸੂਬਾ ਸਕੱਤਰ ਜਗਮੇਲ ਸਿੰਘ ਬਠਿੰਡਾ ਨੇ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੇ ਗਏ ਮੰਗ ਪੱਤਰ ਪੜ੍ਹਕੇ ਸੁਣਾਏ | ਆਗੂ ਸਤਨਾਮ ਸਿੰਘ ਸ਼ਾਹਕੋਟ ਨੇ ਸਰਕਾਰ ਤੋਂ ਮੰਗ ਕੀਤੀ ਕਿ 01-01-2016 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ 2.59 ਦਾ ਫੈਕਟਰ ਦੇ ਕੇ ਪੈਨਸ਼ਨ ਫਿਕਸ ਕੀਤੀ ਜਾਵੇ | ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਸੋਢੀ ਨੇ ਵੱਖ-ਵੱਖ ਨਗਰ ਕੌਂਸਲਾਂ ਵਲੋਂ ਆਪਣੇ ਮੁਲਾਜ਼ਮਾਂ ਨੂੰ ਸੇਵਾਮੁਕਤ ਹੋਣ 'ਤੇ ਬਣਦੇ ਬਕਾਇਆ ਨਾ ਦੇਣ ਦੀ ਨਿਖੇਧੀ ਕੀਤੀ | ਰਣਬੀਰ ਰਾਣਾ ਨੇ ਕਿਹਾ ਕਿ ਪਹਿਲਾਂ ਤਿਉਹਾਰਾਂ ਮੌਕੇ ਡੀ.ਏ. ਦੀ ਕਿਸ਼ਤ ਦੇਣ ਦਾ ਐਲਾਨ ਹੋ ਜਾਂਦਾ ਸੀ, ਪਰ ਹੁਣ ਮੌਜੂਦਾ ਸਰਕਾਰ ਨੇ ਮੁਲਾਜ਼ਮਾਂ ਨੂੰ ਹਰ ਤਿਉਹਾਰ ਦੇ ਮੌਕੇ 'ਤੇ ਨਿਰਾਸ਼ਤਾ ਹੀ ਪੱਲੇ ਪਾਈ ਹੈ | ਪਰਮਜੀਤ ਸਿੰਘ ਮੌੜ ਨੇ ਕਿਹਾ ਕਿ ਬਹੁਤੀਆਂ ਨਗਰ ਕੌਂਸਲਾਂ ਜਾਂ ਪੰਚਾਇਤਾਂ ਆਪਣੇ ਮੁਲਾਜ਼ਮਾਂ ਨੂੰ ਬਕਾਇਆਂ ਦੀਆਂ ਬਣਦੀਆਂ ਕਿਸ਼ਤਾਂ ਨਹੀਂ ਦੇ ਰਹੀਆਂ ਹਨ | ਆਗੂ ਬ੍ਰਹਮ ਪ੍ਰਕਾਸ਼ ਮਲੋਟ ਨੇ ਕਿਹਾ ਕਿ ਏ.ਡੀ.ਸੀ. ਦਫ਼ਤਰਾਂ ਵਲੋਂ ਜਾਣ-ਬੁੱਝਕੇ ਪੈਨਸ਼ਨ ਦੇਰੀ ਨਾਲ ਦਿੱਤੀ ਜਾ ਰਹੀ ਹੈ | ਇਸ ਸਮੇਂ ਸ਼ਾਮ ਲਾਲ ਅਬੋਹਰ, ਪਰਮਜੀਤ ਸਿੰਘ ਬਾਘਾ, ਟੇਕ ਚੰਦ ਮਲੋਟ ਨੇ ਨਗਰ ਨਿਗਮ ਬਠਿੰਡਾ ਦੇ ਕੱਚੇ ਮੁਲਾਜ਼ਮਾਂ ਵਲੋਂ ਅਰੰਭੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ | ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਇਹੋ ਨੀਤੀ ਰਹੀ ਤਾਂ ਯੂਨੀਅਨ ਵਲੋਂ ਜਲਦੀ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਸਾਧੂ ਰਾਮ ਭੁੱਚੋ, ਵਿਜੇ ਕੁਮਾਰ ਜਗਰਾਉਂ, ਰਾਜਿੰਦਰ ਕੁਮਾਰ ਸ਼ਾਹਕੋਟ, ਜਗਸੀਰ ਸਿੰਘ ਜਗਰਾਉਂ ਆਦਿ ਨੇ ਵੀ ਸੰਬੋਧਨ ਕੀਤਾ |