ਰਾਏਕੋਟ, 7 ਦਸੰਬਰ (ਸੁਸ਼ੀਲ)-ਮਾਨਵ ਵਿਕਾਸ ਸੰਸਥਾ ਪਿਛਲੇ ਤਿੰਨ ਸਾਲਾਂ ਤੋਂ ਪ੍ਰਾਣਾ ਪ੍ਰੋਜੈਕਟ ਤਹਿਤ ਹਵਾ, ਪਾਣੀ ਅਤੇ ਮਿੱਟੀ ਦੀ ਸੰਭਾਲ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਜਲੰਧਰ ਅਤੇ ਮਲੇਰਕੋਟਲਾ ਵਿਚ ਮੈਦਾਨੀ ਪੱਧਰ 'ਤੇ ਕੰਮ ਕਰ ਰਹੀ ਹੈ | ਸੰਸਥਾ ਦੇ ਉਪਰਾਲੇ ਵਾਤਾਵਰਣ ਦੀ ਗੁਣਵੱਤਾ ਵਿਚ ਸੁਧਾਰ ਅਤੇ ਟਿਕਾਊ ਖੇਤੀ ਨੂੰ ਪ੍ਰੋਤਸਾਹਿਤ ਕਰਨ 'ਤੇ ਕੇਂਦਿ੍ਤ ਹਨ | ਇਸੇ ਸਬੰਧ ਵਿਚ ਸੰਸਥਾ ਵਲੋਂ ਰਾਏਕੋਟ ਬਲਾਕ ਦੇ ਪਿੰਡਾਂ ਤਲਵੰਡੀ ਰਾਏ, ਬੁਰਜ ਨਕਲੀਆਂ, ਬਿੰਜਲ, ਬੱਸੀਆਂ, ਜਲਾਲਦੀਵਾਲ, ਚੱਕ ਭਾਈਕਾ, ਰਾਜਗੜ੍ਹ, ਜੌਹਲਾਂ, ਸਹਿਬਾਜ਼ਪੁਰਾ, ਨੂਰਪੁਰਾ, ਬੁਰਜ ਲਿੱਟਾਂ, ਧਾਲੀਆਂ, ਪੱਖੋਵਾਲ, ਫੱਲੇਵਾਲ, ਗੁੱਜਰਵਾਲ, ਧੂਰਕੋਟ, ਰਛੀਨ, ਤੁੰਗਾਹੇੜੀ, ਆਂਡਲੂ ਵਿਚ ਪਰਾਲੀ ਸਾੜਨ ਦੀ ਬਜਾਏ ਵਿਗਿਆਨਕ ਤੇ ਸੁਚੱਜੇ ਢੰਗ ਨਾਲ ਫ਼ਸਲ ਬਾਅਦ ਬਚੇ ਅਵਸ਼ੇਸ਼ਾਂ ਦਾ ਪ੍ਰਬੰਧ ਕਰਨ ਲਈ ਖੇਤਾਂ ਵਿਚ ਆਧੁਨਿਕ ਸੰਦਾਂ ਰਾਹੀਂ ਪ੍ਰਦਰਸ਼ਨ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ | ਸੰਸਥਾ ਵਲੋਂ ਖ਼ਾਸ ਤੌਰ 'ਤੇ ਲੁਧਿਆਣਾ ਜ਼ਿਲ੍ਹੇ ਵਿਚ 100 ਡੈਮੋ ਪਲਾਟਸ ਤਿਆਰ ਕੀਤੇ ਗਏ ਹਨ, ਜਿੰਨ੍ਹਾਂ ਰਾਹੀਂ ਕਿਸਾਨਾਂ ਨੂੰ ਸਿੱਧੇ ਤਜਰਬੇ ਅਤੇ ਪ੍ਰੈਕਟੀਕਲ ਸਿਖਲਾਈ ਰਾਹੀਂ ਇਹ ਤਰੀਕੇ ਸਮਝਾਏ ਜਾ ਰਹੇ ਹਨ | 'ਪ੍ਰਾਣਾ ਪ੍ਰੋਜੈਕਟ' ਤਹਿਤ ਮਾਨਵ ਵਿਕਾਸ ਸੰਸਥਾਨ ਦੇ ਸੁਪਰਵਾਈਜ਼ਰ ਸਤਨਾਮ ਸਿੰਘ ਵਲੋਂ ਨੇੜਲੇ ਪਿੰਡਾਂ ਜਿਵੇਂ ਸਹਿਬਾਜ਼ਪੁਰਾ ਆਦਿ ਵਿਚ ਸਮਾਰਟ ਸੀਡਰ ਨਾਲ ਪਰਾਲੀ ਮਿੱਟੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਦਾ ਪ੍ਰਦਰਸ਼ਨ ਕੀਤਾ ਗਿਆ |