ਮੁੱਲਾਂਪੁਰ-ਦਾਖਾ, 18 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ-ਦਾਖਾ ਸ਼ਹਿਰ ਦੇ ਨਿੱਜੀ ਹਸਪਤਾਲਾਂ 'ਚ ਮਰੀਜ਼ ਵਲੋਂ ਬੇਲੋੜੀ ਹੁੱਲ੍ਹੜਬਾਜ਼ੀ ਦਾ ਮਾਮਲਾ ਇੰਡੀਅਨ ਮੈਡੀਕਲ ਐਸੋ: ਦੇ ਧਿਆਨ ਵਿਚ ਲਿਆ ਕੇ ਡਾਕਟਰ ਸਾਹਿਬਾਨਾਂ ਨੇ ਅੱਜ ਰੋਸ ਵਜੋਂ ਦੁਪਹਿਰ ਤੱਕ ਮਰੀਜ਼ਾਂ ਦਾ ਚੈੱਕਅੱਪ ਬੰਦ ਕਰੀ ਰੱਖਿਆ | ਡਾਕਟਰਾਂ ਵਲੋਂ ਸਮੂਹਿਕ ਰੂਪ 'ਚ ਕੁਝ ਘੰਟੇ ਦੀ ਹੜਤਾਲ ਬਾਅਦ ਵਫ਼ਦ ਦੇ ਰੂਪ ਉੱਪ ਪੁਲਿਸ ਕਪਤਾਨ ਵਰਿੰਦਰ ਸਿੰਘ ਖੋਸਾ ਨੂੰ ਮਿਲ ਕੇ ਪਿਛਲੇ ਦਿਨ ਡਾ: ਪਰਮਜੀਤ ਮੈਮੋਰੀਅਲ ਹਸਪਤਾਲ ਮੰਡੀ ਮੁੱਲਾਂਪੁਰ ਵਿਖੇ ਡਾ: ਅਜੇਵੀਰ ਸਿੰਘ, ਡਾ: ਸੰਦੀਪ ਕੌਰ ਨਾਲ ਕਿਸੇ ਮਰੀਜ਼ ਵਲੋਂ ਵਧੀਕੀ ਬਾਰੇ ਥਾਣਾ ਦਾਖਾ 'ਚ ਦਿੱਤੀ ਰਿਪੋਰਟ 'ਤੇ ਸਖ਼ਤ ਕਾਰਵਾਈ ਲਈ ਅਪੀਲ ਕੀਤੀ | ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਡਾਕਟਰਾਂ ਦੇ ਵਫ਼ਦ ਦੀ ਪੂਰੀ ਗੱਲ ਸੁਣਨ ਬਾਅਦ ਭਰੋਸਾ ਦਿੱਤਾ ਕਿ ਉਕਤ ਸ਼ਿਕਾਇਤ ਬਾਰੇ ਐੱਸ.ਐੱਚ.ਓ ਹਮਰਾਜ ਸਿੰਘ ਰਾਹੀਂ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਹੋਵੇਗੀ | ਉੱਚ ਅਧਿਕਾਰੀ ਵਲੋਂ ਕਿਹਾ ਗਿਆ ਕਿ ਮਰੀਜ਼ਾਂ ਦਾ ਇਲਾਜ ਆਮ ਵਾਂਗ ਸ਼ੁਰੂ ਕੀਤਾ ਜਾਵੇ | ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਸਮੇਂ ਡਾ: ਅਜੇਵੀਰ ਸਿੰਘ, ਮਹਿਲਾ ਡਾ: ਸੰਦੀਪ ਕੌਰ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ-ਪਹਿਲਾਂ ਸਾਡੇ ਹਸਪਤਾਲ 'ਚ ਇਕ ਔਰਤ ਦੀ ਡਿਲੀਵਰੀ ਹੋਈ | ਬੱਚਾ-ਜੱਚਾ ਦੋਵੇਂ ਤੰਦਰੁਸਤ ਹਨ, ਫਿਰ ਵੀ ਉਨ੍ਹਾਂ ਸਾਡੇ ਹਸਪਤਾਲ 'ਚ ਆ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਡਾ: ਅਮਰਪ੍ਰੀਤ ਸਿੰਘ ਦਿਓਲ ਨੇ ਕਿਹਾ ਕਿ ਡਾ: ਪਰਮਜੀਤ ਮੈਮੋਰੀਅਲ ਹਸਪਤਾਲ ਵਾਲੀ ਘਟਨਾ ਤੋਂ ਪਹਿਲਾਂ ਹੋਰ ਹਸਪਤਾਲਾਂ 'ਚ ਵੀ ਮਰੀਜ਼ ਨਾਲ ਆਏ ਲੋਕਾਂ ਵਲੋਂ ਹੁੜਦੰਗ ਮਚਾਇਆ ਗਿਆ | ਡਾ: ਦਿਓਲ ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਮਰੀਜ਼ ਨੂੰ ਬਚਾਉਣ ਲਈ ਡਾਕਟਰ ਪੂਰੀ ਵਾਹ ਲਾ ਦਿੰਦਾ, ਕਿਸੇ ਕਾਰਨ ਮਰੀਜ਼ ਠੀਕ ਨਾ ਵੀ ਹੋਵੇ ਤਾਂ ਉਸ ਨੂੰ ਕੁਤਾਹੀ ਨਾ ਸਮਝਿਆ ਜਾਵੇ | ਉਨ੍ਹਾਂ ਕਿਹਾ ਕਿ ਡਾ: ਅਜੇਵੀਰ ਸਿੰਘ, ਡਾ: ਸੰਦੀਪ ਕੌਰ ਨਾਲ ਹਸਪਤਾਲ ਅੰਦਰ ਹੋਈ ਵਧੀਕੀ ਦਾ ਇਨਸਾਫ਼ ਲਿਆ ਜਾਵੇਗਾ | ਡਾਕਟਰਾਂ ਦੇ ਵਫ਼ਦ ਵਿਚ ਡਾ: ਅਮਰਜੀਤ ਸਿੰਘ ਪੰਡੋਰੀ, ਡਾ: ਇੰਦਰਵੀਰ ਸਿੰਘ, ਡਾ: ਸਤਿੰਦਰ ਕੌਰ, ਡਾ: ਰੂਹੀ ਦਿਓਲ, ਡਾ: ਗੁਰਪਿੰਦਰ ਕੌਰ, ਡਾ: ਕੰਚਨ ਸੇਠ, ਡਾ: ਸੁਖਦੇਵ ਸਿੰਘ ਧਾਲੀਵਾਲ, ਡਾ: ਲਵ ਲੂਥਰਾ, ਡਾ: ਸਮੀਰ ਗਰਗ, ਮੋਹਣ ਸਿੰਘ ਸਰਾਂ, ਕੈਮਿਸਟ ਐਸੋ: ਪ੍ਰਧਾਨ ਜਗਤਾਰ ਸਿੰਘ, ਡਾ: ਦਮਨਜੀਤ ਕੌਰ, ਡਾ: ਹਰਸਿਮਰਨਜੋਤ ਸਿੰਘ ਸੇਖੋਂ, ਕਈ ਹੋਰ ਡਾਕਟਰ ਮੌਜੂਦ ਰਹੇ | ਕਈ ਦਿਨ ਪਹਿਲਾਂ ਵਾਪਰੀ ਘਟਨਾ ਬਾਰੇ ਡੀ.ਐੱਸ.ਪੀ ਖੋਸਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਕੋਲ ਸ਼ਿਕਾਇਤ ਹੁਣ ਪਹੁੰਚੀ ਹੈ, ਮਾਮਲੇ ਦੀ ਤੁਰੰਤ ਪੜਤਾਲ ਹੋਵੇਗੀ, ਉਂਝ ਵੀ ਪੁਲਿਸ ਪਹਿਲਾਂ ਵੋਟ ਪੋਲਿੰਗ, ਫਿਰ ਵੋਟ ਕਾਊਾਟਿੰਗ ਸਟੇਸ਼ਨਾਂ 'ਤੇ ਡਿਊਟੀ ਉੱਪਰ ਰਹੀ |