ਜਗਰਾਉਂ, 18 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਸਾਲ 2024 ਦੇ ਅਪ੍ਰੈਲ ਮਹੀਨੇ ਤੋਂ ਬਾਇਓ ਗੈਸ ਫੈਕਟਰੀ ਖ਼ਿਲਾਫ਼ ਅਖਾੜਾ ਪਿੰਡ ਵਾਸੀਆਂ ਨੇ ਪੌਣੇ ਦੋ ਸਾਲ ਲੰਮਾ ਸੰਘਰਸ਼ ਲੜ ਕੇ ਇਸ ਫੈਕਟਰੀ ਨੂੰ ਇੱਥੇ ਲੱਗਣ ਤੋਂ ਰੋਕ ਦਿੱਤਾ ਹੈ | ਪਿੰਡ ਭੰਮੀਪੁਰਾ ਕਲਾਂ ਦਾ ਵਸਨੀਕ ਫੈਕਟਰੀ ਮਾਲਕ ਹੁਣ ਇਸ ਫੈਕਟਰੀ ਨੂੰ ਪਿੰਡ ਭੰਮੀਪੁਰਾ ਖੁਰਦ ਦੀ ਜੂਹ ਛੋਟੇ ਪਿੰਡ ਰਣਧੀਰਗੜ 'ਚ ਲਾਉਣ ਜਾ ਰਿਹਾ ਹੈ | ਇਸ ਸਬੰਧੀ ਪ੍ਰਸ਼ਾਸਨ ਦੀ ਹਦਾਇਤ 'ਤੇ ਮਾਲ ਮਹਿਕਮੇ ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਹੈ | ਪਿੰਡ ਵਾਸੀਆਂ ਨੂੰ ਇਸ ਗੱਲ ਦੀ ਸੂਹ ਮਿਲਣ 'ਤੇ ਸਰਪੰਚ ਜਰਨੈਲ ਸਿੰਘ ਅਤੇ ਸਮੁੱਚੀ ਪੰਚਾਇਤ ਦੀ ਅਗਵਾਈ ਚ ਪਿੰਡ ਦੀ ਸੱਥ 'ਚ ਇਕੱਤਰਤਾ ਹੋਈ | ਇਸ ਇਕੱਤਰਤਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਬਲਾਕ ਸਕੱਤਰ ਰਛਪਾਲ ਸਿੰਘ ਡੱਲਾ, ਕਮੇਟੀ ਮੈਂਬਰ ਬਹਾਦਰ ਸਿੰਘ ਡੱਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਿੰਡ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਾਤਾਵਰਣ ਅਤੇ ਜਨ ਸਿਹਤ ਦੀ ਦੁਸ਼ਮਣ ਇਸ ਫੈਕਟਰੀ ਨੂੰ ਲੱਗਣ ਤੋਂ ਰੋਕਿਆ ਜਾਵੇ | ਇਸ ਸਮੇਂ ਆਗੂਆਂ ਨੇ ਕਿਹਾ ਕਿ ਪੌਣੇ ਦੋ ਸਾਲ ਤੋਂ ਇਕੱਲੇ ਅਖਾੜਾ ਵਾਸੀ ਨਹੀਂ ਸਗੋਂ ਪੂਰਾ ਜ਼ਿਲ੍ਹਾ ਇਨ੍ਹਾਂ ਫੈਕਟਰੀਆਂ ਦਾ ਵਿਰੋਧ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਭੂੰਦੜੀ ਪਿੰਡ 'ਚ ਲੱਗਣ ਵਾਲੀ ਫੈਕਟਰੀ ਪੱਕੇ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਜਾਣ ਗਿਆ ਹੈ ਕਿ ਪਿੰਡ ਅਖਾੜਾ ਵਾਸੀ ਇਹ ਫੈਕਟਰੀ ਇਥੇ ਨਹੀਂ ਲੱਗਣ ਦੇਣਗੇ | ਉਨ੍ਹਾਂ ਪੰਜਾਬ ਸਰਕਾਰ ਤੋਂ ਇੰਨ੍ਹਾਂ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਬਣੀ ਤਾਲਮੇਲ ਕਮੇਟੀ ਦੀ ਮੰਗ ਮੁਤਾਬਿਕ ਇਸ ਫੈਕਟਰੀ ਦੇ ਨਫ਼ੇ ਨੁਕਸਾਨ ਜਾਂਚਣ ਲਈ ਤਕਨੀਕੀ ਤੇ ਵਿਗਿਆਨਕ ਖੋਜ ਕਮੇਟੀ ਦੇ ਨਿਰਮਾਣ ਦੀ ਮੰਗ 'ਤੇ ਗੌਰ ਕਰਨ ਦੀ ਮੰਗ ਕੀਤੀ ਹੈ | ਇਸ ਸਮੇਂ ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਧਰਮ ਸਿੰਘ (ਸਾਰੇ ਮੈਂਬਰ), ਚਮਕੌਰ ਸਿੰਘ ਪ੍ਰਧਾਨ, ਸਤਿਨਾਮ ਸਿੰਘ, ਮਨਜਿੰਦਰ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ ਮੀਤਾ, ਸ਼ਮਸ਼ੇਰ ਸਿੰਘ, ਸੰਤੋਖ ਸਿੰਘ, ਰਣਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |