ਸਿੱਧਵਾਂ ਬੇਟ, 19 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਛੋਟੇ ਭਰਾ ਅਤੇ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਨੇ ਇਯਾਲੀ ਧੜੇ੍ਹ ਨਾਲ ਸਬੰਧਿਤ ਸਥਾਨਕ ਕਸਬੇ ਦੇ ਆਗੂ ਨੰਬਰਦਾਰ ਬਲਜੀਤ ਸਿੰਘ ਸਿੱਧੂ ਦੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਗੱਲਬਾਤ ਕਰਦੇ ਹੋਏ ਆਖਿਆ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪਹਿਲਾਂ ਜ਼ਿਲ੍ਹਾ ਪ੍ਰੀਸਦ ਲੁਧਿਆਣਾ ਦੇ ਚੇਅਰਮੈਨ ਵਜੋਂ ਅਤੇ ਫਿਰ ਬਤੌਰ ਵਿਧਾਇਕ ਵਜੋਂ ਇਲਾਕੇ ਦੇ ਜੋ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਉਨ੍ਹਾਂ ਦੀ ਬਦੌਲਤ ਹੀ ਸਾਡੇ ਆਜ਼ਾਦ ਧੜੇ੍ਹ ਦੇ ਗੁਰਮੀਤ ਸਿੰਘ ਹਾਂਸ ਸਮੇਤ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਤੇ 17 ਬਲਾਕ ਸੰੰਮਤੀ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਵਿਰੋਧੀਆਂ ਦੇ ਵੀ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ | ਹਰਬੀਰ ਇਯਾਲੀ ਨੇ ਵਿਧਾਇਕ ਵਲੋਂ ਬੇਟ ਇਲਾਕੇ ਵਿਚ ਵੀ ਕੀਤੇ ਵਿਕਾਸ ਕੰਮਾਂ ਦਾ ਖਾਸ ਜਿਕਰ ਕਰਦੇ ਹੋਏ ਆਖਿਆ ਕਿ ਉਨ੍ਹਾਂ ਪਿੰਡ ਗੱਗ ਕਲਾਂ ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਗੋਰਸੀਆਂ ਕਾਦਰਬਖਸ਼ ਦੇ ਸਰਕਾਰੀ ਹਾਈ ਸਕੂਲ ਨੂੰ ਅਪਗਰੇਡ ਕਰਵਾ ਕੇ ਦਰਿਆ ਸਤਲੁਜ ਦੇ ਕੰਢੇ 'ਤੇ ਵਸੇ ਲੋੜਵੰਦ ਪਰਿਵਾਰਾਂ ਦੇ ਉਨ੍ਹਾਂ ਬੱਚਿਆਂ ਨੂੰ ਰਾਹਤ ਦਿੱਤੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਿੱਧਵਾਂ ਬੇਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜੀ ਵਿਚ ਪੈਦਲ ਜਾਂ ਸਾਈਕਲਾਂ 'ਤੇ ਪੜ੍ਹਾਈ ਕਰਨ ਲਈ ਜਾਂਦੇ ਸਨ | ਇਸ ਤੋਂ ਇਲਾਵਾ ਕਸਬਾ ਸਿੱਧਵਾਂ ਬੇਟ ਦੇ ਬਾਹਰਵਾਰ ਵਿਦੇਸ਼ੀ ਤਰਜ਼ 'ਤੇ ਖੇਡ ਪਾਰਕ ਤਿਆਰ ਕਰਵਾ ਕੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਰਾਹਤ ਦਿੱਤੀ | ਇਸ ਮੌਕੇ ਲੈਂਡ ਮਾਰਗਟੇਜ਼ ਬੈਂਕ ਜਗਰਾਉਂ ਦੇ ਸਾਬਕਾ ਵਾਈਸ ਚੇਅਰਮੈਨ ਵਰਦੀਪ ਸਿੰਘ ਦੀਪਾ ਸਾਬਕਾ ਸਰਪੰਚ ਸਲੇਮਪੁਰਾ ਅਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਹੇ ਅਰਸ਼ਪ੍ਰੀਤ ਸਿੰਘ ਥਿੰਦ ਨੇ ਵੀ ਗੁਰਮੀਤ ਸਿੰਘ ਹਾਂਸ ਅਤੇ ਬੀਬੀ ਮਨਦੀਪ ਕੌਰ ਥਿੰਦ ਨੂੰ ਵੱਡੀ ਲੀਡ ਨਾਲ ਜਿਤਾਉਣ 'ਤੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਤੇਜ ਸਿੰਘ ਮਾਨ, ਦਵਿੰਦਰ ਸਿੰਘ ਖ਼ਾਲਸਾ, ਅਮਨ ਥਿੰਦ, ਕਾਕਾ ਤੂਰ, ਸੰਤ ਸਲੇਮਪੁਰਾ, ਦਿਲਪ੍ਰੀਤ ਸਿੰਘ, ਗੋਰਾ ਜਗਰਾਉਂ ਸਮੇਤ ਕਈ ਹੋਰ ਵਰਕਰ ਹਾਜ਼ਰ ਸਨ |