ਹਠੂਰ, 19 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ | ਪ੍ਰੈੱਸ ਨੂੰ ਜਾਰੀ ਕੀਤੇ ਬਿਆਨ 'ਚ ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਪਿੰਡ ਲੱਖਾ ਦੇ ਇਕ ਵਿਅਕਤੀ ਵਲੋਂ ਇਸੇ ਪਿੰਡ ਦੇ ਦਲਿਤ ਬਿਰਧ ਜੋੜੇ ਦੀ ਕੁੱਟਮਾਰ ਕੀਤੀ ਅਤੇ ਉਲਟਾ ਉਨ੍ਹਾਂ ਪੀੜ੍ਹਤਾਂ ਤੇ ਗੁਆਂਢੀ ਸਾਬਕਾ ਦਲਿਤ ਸਰਪੰਚ ਜਿਸਦਾ ਕਿ ਇਸ ਝਗੜੇ ਨਾਲ ਕੋਈ ਸਬੰਧ ਨਹੀਂ, ਉੱਪਰ ਆਪਣੀ ਚੀਚੀ 'ਤੇ ਆਪ ਸੱਟ ਮਾਰ ਕੇ ਝੂਠਾ 26 ਦਾ ਪਰਚਾ ਕਰਵਾ ਦਿੱਤਾ | ਉਨ੍ਹਾਂ ਕਿਹਾ ਕਿ ਕੁੱਟਮਾਰ ਤੋਂ ਪੀੜ੍ਹਤ ਦਲਿਤ ਬਜ਼ੁਰਗ ਜੋੜ੍ਹੇ ਦੇ ਬਿਆਨ ਵੀ ਹਠੂਰ ਪੁਲਿਸ ਦੇ ਇਕ ਏ.ਐੱਸ.ਆਈ. ਨੇ ਆਪਣੀ ਮਨਮਰਜ਼ੀ ਮੁਤਾਬਿਕ ਲਿਖ ਕੇ ਹਮਲਾਵਰ ਧਿਰ ਦਾ ਪੱਖ ਪੂਰਿਆ | ਉਕਤ ਝੂਠੇ ਪੁਲਿਸ ਕੇਸ ਅਤੇ ਹਠੂਰ ਪੁਲਿਸ ਦੇ ਪੱਖਪਾਤੀ ਵਤੀਰੇ ਖ਼ਿਲਾਫ਼ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਥਾਣਾ ਹਠੂਰ ਅੱਗੇ ਸੰਕੇਤਕ ਧਰਨਾ ਲਾਇਆ ਗਿਆ ਹੈ | ਜਿਸ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ ਨੇ ਸੰਬੋਧਨ ਕਰਦਿਆਂ ਪੀੜ੍ਹਤ ਧਿਰ 'ਤੇ ਕੀਤਾ ਝੂਠਾ ਪਰਚਾ ਖਾਰਜ਼ ਕਰਕੇ ਬਿਰਧ ਜੋੜੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ 'ਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਮਦਨ ਸਿੰਘ, ਨਿਰਮਲ ਸਿੰਘ ਨਿੰਮਾ, ਕਿਸਾਨ ਆਗੂ ਜਗਰੂਪ ਸਿੰਘ ਗਿੱਲ, ਬਲਦੇਵ ਸਿੰਘ ਪੰਨੂੰ, ਰਾਜਿੰਦਰ ਸਿੰਘ, ਰਾਮ ਸਿੰਘ ਹਠੂਰ, ਅਮਨ ਸਿੰਘ ਆਦਿ ਹਾਜ਼ਰ ਸਨ |