ਸਿੱਧਵਾਂ ਬੇਟ, 19 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਅਤੇ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਸੋਚ ਅਨੁਸਾਰ ਪੰਥਕ ਏਕਤਾ ਦੀ ਸੋਚ ਰੱਖਣ ਵਾਲੇ ਸਿਰਕੱਢ ਆਗੂ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਮਨਜਿੰਦਰ ਸਿੰਘ ਬਿੰਦਾ ਭੁਮਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਤੇ ਸਾਬਕਾ ਸੰਮਤੀ ਮੈਂਬਰ ਜਤਿੰਦਰਪਾਲ ਸਿੰਘ ਬੱਬੀ ਮਾਨ ਨੇ ਜ਼ਿਲ੍ਹਾ ਪ੍ਰੀਸਦ ਜ਼ੋਨ ਪੁੜੈਣ ਤੋਂ ਟਰੱਕ ਚੋਣ ਨਿਸ਼ਾਨ 'ਤੇ ਚੋਣ ਜਿੱਤੇ ਗੁਰਮੀਤ ਸਿੰਘ ਹਾਂਸ, ਸੰਮਤੀ ਜ਼ੋਨ ਸਲੇਮਪੁਰਾ ਤੋਂ ਚੋਣ ਜਿੱਤੇ ਬੀਬੀ ਮਨਦੀਪ ਕੌਰ ਥਿੰਦ ਪਤਨੀ ਅਰਸ਼ ਥਿੰਦ ਅਤੇ ਸੰਮਤੀ ਜ਼ੋਨ ਰਾਊਵਾਲ ਤੋਂ ਚੋਣ ਜਿੱਤੇ ਅਮਨਦੀਪ ਸਿੰਘ ਜੰਡੀ ਦੀ ਸ਼ਾਨਦਾਰ ਜਿੱਤ 'ਤੇ ਵਧਾਈ ਦਿੰਦੇ ਹੋਏ ਆਖਿਆ ਕਿ ਇੰਨ੍ਹਾਂ ਦੀ ਸ਼ਾਨਦਾਰ ਜਿੱਤ ਸਦਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਸਿਆਸੀ ਕੱਦ ਸਿਰਫ਼ ਹਲਕਾ ਦਾਖਾ ਵਿਚ ਹੀ ਨਹੀਂ ਸਗੋਂ ਸੂਬੇ ਭਰ ਵਿਚ ਹੋਰ ਉੱਚਾ ਹੋ ਗਿਆ ਹੈ | ਉਕਤ ਆਗੂਆਂ ਨੇ ਆਖਿਆ ਕਿ ਜਿਹੜੇ ਆਗੂਆਂ ਨੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਇਯਾਲੀ ਨੂੰ ਗੱਦਾਰ ਤੱਕ ਕਹਿ ਦਿੱਤਾ ਹੁਣ ਉਨ੍ਹਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ ਕਿ ਇਯਾਲੀ ਸੱਚਮੁੱਚ ਪੰਥ ਦੇ ਭਲੇ ਲਈ ਯਤਨ ਕਰ ਰਹੇ ਹਨ | ਇਸ ਦੌਰਾਨ ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ ਵੀ ਆਪਣੇ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਮੇਰੀ ਜਿੱਤ ਤਾਂ ਵਿਧਾਇਕ ਇਯਾਲੀ ਦੀ ਪੰਥ ਪ੍ਰਤੀ ਸੋਚ 'ਤੇ ਇਕ ਮੋਹਰ ਹੈ ਕਿਉਂਕਿ ਮੈਂ ਤਾਂ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਰੀਕ ਵਾਲੇ ਦਿਨ ਹੀ ਕੈਨੇਡਾ ਤੋਂ ਵਾਪਸ ਆਇਆ ਸੀ | ਵਿਧਾਇਕ ਇਯਾਲੀ ਦੇ ਸਹਿਯੋਗ ਸਦਕਾ ਜਿੱਤੀ ਸੀਟ ਮੈਂ ਉਨ੍ਹਾਂ ਦੀ ਝੋਲੀ ਵਿਚ ਪਾਉਂਦਾ ਹਾਂ |