ਜਗਰਾਉਂ, 23 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਤਿੰਨ ਪਿੰਡਾਂ ਬਹਾਦਰਕੇ, ਬਾਘੀਆਂ ਤੇ ਸ਼ੇਰੇਵਾਲਾ ਦੇ ਹੜ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ 'ਤੇ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ ਤੇ ਯੁਵਰਾਜ ਸਿੰਘ ਘੁਡਾਣੀ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੇ ਪਰਿਵਾਰਾਂ ਦਾ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਹਾਲੇ ਤੱਕ ਨਹੀਂ ਹੋਈ | ਸਰਕਾਰ ਵਲੋਂ ਇੰਨ੍ਹਾਂ ਪਿੰਡਾਂ ਦੀ ਪੂਰੀ ਗਿਰਦਾਵਰੀ ਵੀ ਨਹੀਂ ਕਰਵਾਈ ਗਈ, ਵਾਰ-ਵਾਰ ਏ.ਡੀ.ਸੀ. ਐੱਸ.ਡੀ.ਐੱਮ, ਤਹਿਸੀਲਦਾਰ ਨੂੰ ਮਿਲਣ ਉਪਰੰਤ ਜੋ ਕਿਸਾਨਾਂ ਦਾ ਜਿੰਨ੍ਹਾਂ ਖੇਤਾਂ ਦੀ ਫ਼ਸਲ ਦਾ ਨੁਕਸਾਨ ਹੋਇਆ, ਦੇ ਨਾਂਅ ਤੱਕ ਵੀ ਨਹੀਂ ਲਿਖੇ ਗਏ | ਉਨ੍ਹਾਂ ਕਿਹਾ ਕਿ ਅਸੀਂ ਹੜ੍ਹ ਪੀੜਤਾਂ ਦੀਆਂ ਲਿਸਟਾਂ ਏ.ਡੀ.ਸੀ. ਲੁਧਿਆਣਾ ਨੂੰ ਦਿੱਤੀਆਂ ਸਨ, ਉਨ੍ਹਾਂ ਐੱਸ.ਡੀ.ਐੱਮ ਜਗਰਾਉਂ ਨੂੰ ਵੀ ਭੇਜੀਆਂ ਸਨ, ਪਰ ਉਨ੍ਹਾਂ ਨੇ ਲਿਸਟਾਂ ਆਨਲਾਈਨ ਨਹੀਂ ਕੀਤੀਆਂ | ਅੱਜ ਧਰਨੇ 'ਚ ਤਹਿਸੀਲਦਾਰ ਰਾਜਿੰਦਰ ਭਾਟੀਆ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਕਾਰਵਾਈ ਕਰਨਗੇ | ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸਤਪਾਲ ਸਿੰਘ ਲਾਡੀ ਪੱਤੀ ਮੁਲਤਾਨੀ, ਜਸਪਾਲ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ, ਹਰਜੀਤ ਸਿੰਘ ਘਲੋਟੀ, ਕਮਿੱਕਰ ਸਿੰਘ ਰਾਏਕੋਟ, ਮਾ: ਜੁਗਿੰਦਰ ਆਜ਼ਾਦ, ਜਸਵੀਰ ਸਿੰਘ ਖੱਟੜਾ, ਬਲਦੇਵ ਸਿੰਘ ਰਸੂਲਪੁਰ, ਜਸਵੰਤ ਸਿੰਘ ਭੱਟੀਆਂ, ਅਮਰੀਕ ਸਿੰਘ ਭੂੰਦੜੀ, ਤੀਰਥ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ |