ਹੰਬੜਾਂ, 24 ਦਸੰਬਰ (ਮੇਜਰ ਹੰਬੜਾਂ)-ਹੰਬੜਾਂ 'ਚ ਮੇਨ ਚੌਂਕ ਨਜ਼ਦੀਕ ਗੁਪਤਾ ਮਨੀਟ੍ਰਾਂਸਫਰ ਦੁਕਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਆਏ ਲੁਟੇਰੇ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਲੜਕੀ ਸੋਨੀ ਵਰਮਾ ਦੇ ਬਿਆਨਾਂ 'ਤੇ ਹੰਬੜਾਂ ਪੁਲਿਸ ਵਲੋਂ ਅਣਪਛਾਤੇ ਲਟੇਰੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ | ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਗੁਰਚਰਨਜੀਤ ਸਿੰਘ ਵਲੋਂ ਲੜਕੀ ਦੇ ਬਿਆਨ ਦਰਜ ਕੀਤੇ ਗਏ ਅਤੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਗਏ ਤਾਂ ਜੋ ਲੁਟੇਰਿਆਂ ਬਾਰੇ ਕੋਈ ਪਤਾ ਚੱਲ ਸਕੇ | ਲੜਕੀ ਸੋਨੀ ਵਰਮਾ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਜੀਤਪਾਲ ਕੌਰ ਲਾਦੀਆਂ, ਪ੍ਰਧਾਨ ਸਰਪੰਚ ਹਰਨੇਕ ਸਿੰਘ ਲਾਦੀਆਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਪੰਚ ਸੁਖਜੀਤ ਸਿੰਘ ਬਾਠ, ਪੰਚ ਅਵਤਾਰ ਸਿੰਘ ਭੰਦੋਲ ਨੇ ਕਿਹਾ ਕਿ ਇਸ ਲੜਕੀ ਦਾ 26 ਜਨਵਰੀ ਦੇ ਸਮਾਗਮ 'ਤੇ ਸਨਮਾਨ ਕੀਤਾ ਜਾਵੇ | ਲਾਦੀਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਵਲੋਂ ਵੀ ਲੜਕੀ ਦਾ ਸਨਮਾਨ ਕੀਤਾ ਜਾਵੇਗਾ |