ਰਾਏਕੋਟ, 26 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪਾਕਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜ਼ੀਜ਼ ਉੱਲਾ ਖਾਂ ਨੇ ਉਨ੍ਹਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ 'ਤੇ ਅੱਤਿਆਚਾਰ ਕਰਕੇ ਉਨ੍ਹਾਂ ਨੂੰ ਸ਼ਹੀਦ ਕੀਤਾ, ਜਿਸ 'ਤੇ ਉਸ ਦਾ ਪਰਿਵਾਰ ਅਫ਼ਸੋਸ ਪ੍ਰਗਟ ਕਰਦਾ ਹੈ | ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਸਰਬੰਸ ਵਾਰ ਕੇ ਦੇਸ਼ ਕੌਮ ਦੀ ਰੱਖਿਆ ਕੀਤੀ, ਉੱਥੇ ਹੀ ਮਜ਼ਲੂਮਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਈ | ਇਸੇ ਸਮੇਂ ਦੌਰਾਨ ਦਸਮੇਸ਼ ਪਿਤਾ ਜੀ ਰਾਏਕੋਟ ਦੀ ਧਰਤੀ 'ਤੇ ਪੁੱਜੇ ਸਨ, ਜਿਸ ਦੌਰਾਨ ਉਨ੍ਹਾਂ ਦੇ ਪੁਰਖਿਆਂ ਨੂੰ ਗੁਰੂ ਜੀ ਦਾ ਰਾਏਕੋਟ ਆਉਣ ਬਾਰੇ ਪਤਾ ਲੱਗਿਆ ਤਾਂ ਗੁਰੂ ਜੀ ਦੀ ਸੇਵਾ ਭਾਵਨਾ ਨਾਲ ਸੇਵਾ ਕੀਤੀ ਗਈ | ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਵਲੋਂ ਉਸ ਸਮੇਂ ਦੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ (ਜੋ ਉਨ੍ਹਾਂ ਦੇ ਵੱਡ-ਵਡੇਰੇ ਸਨ), ਨੂੰ ਦਸਮੇਸ਼ ਪਿਤਾ ਜੀ ਨੇ ਗੰਗਾ ਸਾਗਰ ਸਮੇਤ ਕਈ ਅਨਮੋਲ ਨਿਸ਼ਾਨੀਆਂ ਭੇਟ ਕੀਤੀਆਂ ਸਨ, ਜੋ ਅੱਜ ਵੀ ਉਨ੍ਹਾਂ ਦੇ ਪਰਿਵਾਰ ਕੋਲ ਮੌਜੂਦ ਹਨ | ਜਿੰਨ੍ਹਾਂ ਦੀ ਉਨ੍ਹਾਂ ਦਾ ਪਰਿਵਾਰ ਪੂਰਨ ਗੁਰ-ਮਰਿਯਾਦਾ ਅਨੁਸਾਰ ਦੇਖਭਾਲ ਕਰਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਲਈ ਵੀ ਕਰਦਾ ਰਹੇਗਾ | ਰਾਏ ਅਜ਼ੀਜ਼ ਉੱਲਾ ਖਾਂ ਨੇ ਸਿੰਖ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਉਹ ਇਸ ਸ਼ਹਾਦਤਾਂ ਦੇ ਦਿਨਾਂ ਦੌਰਾਨ ਪ੍ਰਣ ਕਰਨ ਕਿ ਗੁਰੂ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਜਿੱਥੇ ਆਪਣਾ ਜੀਵਨ ਸਫ਼ਲਾ ਕਰਨ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂੰ ਕਰਵਾਉਣ ਤਾਂ ਜੋ ਸਿੱਖ ਧਰਮ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ |