ਮੁੱਲਾਂਪੁਰ-ਦਾਖਾ, 27 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਐੱਸ.ਬੀ-ਬੀ.ਸੀ ਭਾਈਚਾਰੇ ਦੇ ਲੋਕਾਂ ਦੀ ਬਿਹਤਰੀ ਅਤੇ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਐੱਸ.ਸੀ-ਬੀ.ਸੀ ਭਲਾਈ ਮੰਚ ਪਮਾਲ ਦੇ ਅਹੁਦੇਦਾਰਾਂ ਦੀ ਮੀਟਿੰਗ ਮੰਚ ਪ੍ਰਧਾਨ ਜਤਿੰਦਰ ਸਿੰਘ ਪਮਾਲ ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਮੇਂ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਰਲਕੇ ਜਾਂ ਸਰਕਾਰੀ ਅਧਿਕਾਰੀਆਂ ਨੂੰ ਮਿਲ ਕੇ ਹੱਲ ਕਰਵਾਉਣ ਦੇ ਨਾਲ ਪਿੰਡ ਅੰਦਰ ਕੋਈ ਧਾਰਮਿਕ ਸਮਾਗਮ, ਅੱਖਾਂ, ਦੰਦਾਂ ਜਾਂ ਹੋਰ ਮੁਫ਼ਤ ਮੈਡੀਕਲ ਕੈਂਪ ਲਗਵਾਉਣ ਲਈ ਐੱਸ.ਸੀ./ਬੀ.ਸੀ. ਭਲਾਈ ਮੰਚ ਦੇ ਅਗਾਂਹੂ ਪ੍ਰੋਗਰਾਮਾਂ ਬਾਰੇ ਚਰਚਾ ਹੋਈ | ਇਸ ਮੌਕੇ ਐੱਸ.ਸੀ.ਬੀ.ਸੀ ਭਲਾਈ ਮੰਚ ਦੇ ਸਮੁੱਚੇ ਅਹੁਦੇਦਾਰਾਂ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ | ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਜ਼ਲਿ੍ਹਆਂ ਵਾਲਾ ਬਾਗ ਦੇ ਦੁਖਦਾਈ ਕਤਲੇਆਮ ਦਾ ਬਦਲਾ ਲੈਣ ਲਈ ਉੱਘੇ ਆਜ਼ਾਦੀ ਘੁਲਾਟੀਏ ਵਲੋਂ ਦਿੱਤੀ ਗਈ ਮਹਾਨ ਕੁਰਬਾਨੀ ਹਮੇਸ਼ਾ ਯਾਦ ਰਹੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਵਾਲੇ ਪ੍ਰਵਾਨਿਆਂ ਦੇ ਜਨਮ ਦਿਨ, ਸ਼ਹੀਦੀ ਦਿਨ ਪੂਰੇ ਭਾਰਤ ਵਾਸੀਆਂ ਨੂੰ ਰਲ-ਮਿਲਕੇ ਮਨਾਉਣੇ ਚਾਹੀਦੇ ਹਨ | ਭਲਾਈ ਮੰਚ ਦੀ ਮੀਟਿੰਗ ਸਮੇਂ ਮੀਤ ਪ੍ਰਧਾਨ ਜਗਜੀਤ ਸਿੰਘ, ਸਕੱਤਰ ਦਰਸ਼ਨ ਸਿੰਘ, ਖਜ਼ਾਨਚੀ ਬਲਵੰਤ ਸਿੰਘ ਬਿੱਲੂ, ਕੈਪਟਨ ਸੋਹਣ ਸਿੰਘ, ਰਾਵਲ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਦੀਪ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ ਗੋਲੀ, ਨਿਰਮਲ ਸਿੰਘ, ਧਰਮਪਾਲ ਸਿੰਘ ਅਤੇ ਹਰਬੰਸ ਸਿੰਘ, ਹੋਰ ਮੌਜੂਦ ਸਨ |