ਗੁਰੂਸਰ ਸੁਧਾਰ, 29 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬਾ ਗੁਰੂਸਰ ਸੁਧਾਰ ਦੀ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ ਵਿਖੇ ਸੈਂਕੜੇ ਰਿਹਾਇਸ਼ੀ ਮਕਾਨਾਂ ਤੇ ਦੁਕਾਨਾਂ ਦੇ ਗੰਦੇ ਪਾਣੀ ਦਾ ਨਿਕਾਸ ਭਵਿੱਖ ਵਿਚ ਗੰਭੀਰ ਸੰਕਟ ਬਣਨ ਜਾ ਰਿਹਾ ਹੈ | ਸੂਬਾ ਸਰਕਾਰ ਵਲੋਂ ਟਿਊਬਵੈੱਲਾਂ ਦੀ ਬਜਾਏ ਨਹਿਰੀ ਪਾਣੀ ਦੀ ਵਰਤੋਂ ਸਿੰਜਾਈ ਲਈ ਵੱਧ ਤੋਂ ਵੱਧ ਕਰਨ ਲਈ ਪੱਕੇ ਖਾਲ ਉਸਾਰੇ ਜਾ ਰਹੇ ਹਨ ਤੇ ਇਸ ਦੇ ਚੱਲਦਿਆਂ ਜਿਥੇ ਪਹਿਲਾਂ ਅਬੋਹਰ ਬਰਾਂਚ ਨਹਿਰ ਵਿਚੋਂ ਸ਼ਿਵ ਮੰਦਿਰ ਸਾਹਮਣਿਉਂ ਨਿਕਲਦੇ ਬੋਪਾਰਾਏ ਕਲਾਂ ਰਜ਼ਬਾਹੇ ਵਿਚ ਪੈਂਦੇ ਲੋਕਾਂ ਦੇ ਘਰਾਂ ਦਾ ਪਾਣੀ ਬੰਦ ਹੋ ਚੁੱਕਿਆ ਹੈ ਉਥੇ ਨਹਿਰ ਦੇ ਦੂਜੇ ਬੰਨ੍ਹੇ ਅਕਾਲਗੜ੍ਹ ਰਜ਼ਬਾਹਾ ਵੀ ਪੱਕਾ ਹੋ ਜਾਣ ਕਾਰਨ ਵਾਰਡ ਨੰਬਰ ਇਕ ਦੇ ਗੰਦੇ ਪਾਣੀ ਦਾ ਨਿਕਾਸ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੈ | ਨਵੀਂ ਆਬਾਦੀ ਅਕਾਲਗੜ੍ਹ ਪੰਚਾਇਤ ਨੂੰ ਭੂਗੋਲਿਕ ਸਥਿਤੀ ਤੋਂ ਦੋ ਹਿੱਸਿਆਂ ਵਿਚ ਵੰਡਦੀ ਕਸਬੇ ਵਿਚੋਂ ਗੁਜਰਦੀ ਅਬੋਹਰ ਬਰਾਂਚ ਨਹਿਰ ਦੇ ਦੱਖਣ (ਰਾਏਕੋਟ ਸਾਈਡ) ਵੱਲ 1 ਤੋਂ 6 ਨੰਬਰ ਵਾਰਡ ਪੈਂਦੇ ਹਨ ਜਦਕਿ ਉੱਤਰ ਦਿਸ਼ਾ (ਮੁੱਲਾਂਪੁਰ ਸਾਈਡ) 'ਚ ਵਾਰਡ 7, 8 ਤੇ 9 ਨੰਬਰ ਮੌਜੂਦ ਹਨ | ਆਜ਼ਾਦੀ ਦੇ ਸਮੇਂ ਤੋਂ ਹੀ ਇਨ੍ਹਾਂ ਘਰਾਂ ਤੇ ਦੁਕਾਨਾਂ ਦਾ ਪਾਣੀ ਬੋਪਾਰਾਏ ਕਲਾਂ ਰਜਬਾਹੇ ਵਿਚੋਂ ਮੋਘੇ ਦੇ ਰੂਪ ਵਿਚ ਨਿਕਲਦੀ ਤੇ ਪਿੰਡ ਸੁਧਾਰ ਵੱਲ ਛਿਪਦੇ ਵੱਲ ਨੂੰ ਜਾਂਦੀ ਨਹਿਰੀ ਕੱਸੀ ਵਿਚ ਪੈ ਰਿਹਾ ਹੈ | ਮੌਜੂਦਾ ਸਮੇਂ ਸੁਧਾਰ ਬਾਜ਼ਾਰ ਦੀ ਇਸ ਆਬਾਦੀ ਨੂੰ ਛੱਡ ਕੇ ਨਹਿਰੀ ਮਹਿਕਮੇ ਵਲੋਂ ਆਬਾਦੀ ਤੋਂ ਬਾਹਰਵਾਰ ਗੰਦੇ ਪਾਣੀ ਦੇ ਨਿਕਾਸ ਦੀ ਇਸ ਕੱਸੀ ਦੇ ਸੱਜੇ ਪਾਸੇ ਪਿੰਡ ਸੁਧਾਰ ਤੋਂ ਅਗਾਂਹ ਤੱਕ ਕਰੀਬ ਸਾਢੇ ਤਿੰਨ ਕਿਲੋਮੀਟਰ ਲੰਬਾਈ ਦੇ ਇਸ ਪੱਕੇ ਖਾਲ ਦੀ ਉਸਾਰੀ ਕਈ ਥਾਵਾਂ ਤੋਂ ਜ਼ੋਰਾਂ 'ਤੇ ਚੱਲ ਰਹੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਹਿਰੀ ਮਹਿਕਮੇ ਨੇ ਕਿਸਾਨਾਂ ਨੂੰ ਸਿੰਜਾਈ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸ਼ਿਵ ਮੰਦਰ ਸੁਧਾਰ ਨਜ਼ਦੀਕ ਪੁਰਾਣੇ ਮੋਘੇ ਨੂੰ ਬੰਦ ਕਰਕੇ ਦੱਖਣ ਦਿਸ਼ਾ ਵੱਲ ਪੰਦਰਾਂ-ਵੀਹ ਮੀਟਰ ਦੂਰੀ ਤੋਂ ਰਜ਼ਬਾਹੇ ਵਿਚੋਂ ਨਵਾਂ ਮੋਘਾ ਲਗਾਉਣ ਦੀ ਤਜਵੀਜ ਤਿਆਰ ਕਰ ਲਈ ਹੈ ਤੇ ਇਸ ਨਵੇਂ ਮੋਘੇ ਵਾਲੇ ਪੱਕੇ ਖਾਲ ਨੂੰ ਬੰਦ ਪਏ ਘਰਾਂਟਾਂ ਵਾਲੇ ਸੂਏ ਤੋਂ ਲਿਜਾ ਕੇ ਅੱਗੇ ਪੱਕੇ ਉਸਾਰੇ ਖਾਲ ਨਾਲ ਜੋੜ ਦਿੱਤਾ ਜਾਵੇਗਾ ਤੇ ਨਵੀਂ ਆਬਾਦੀ ਦੇ ਇਨ੍ਹਾਂ ਤਿੰਨ ਵਾਰਡਾਂ ਦੇ ਸੈਂਕੜੇ ਲੋਕਾਂ, ਪਰਿਵਾਰਾਂ ਦੇ ਗੰਦੇ ਪਾਣੀ ਦਾ ਨਿਕਾਸ ਨੇੜ ਭਵਿੱਖ ਵਿਚ ਸਰਕਾਰੀ ਮਿਡਲ ਸਕੂਲ ਕੋਲ ਜਾ ਕੇ ਬੰਦ ਹੋਣ ਦੇ ਪੂਰੇ ਆਸਾਰ ਬਣ ਗਏ ਹਨ ਤੇ ਪੰਚਾਇਤੀ ਜਗ੍ਹਾ ਇਕ ਇੰਚ ਵੀ ਨਾ ਹੋਣ ਤੇ ਸੀਵਰੇਜ਼ ਦੀ ਅਣਹੋਂਦ ਕਾਰਨ ਪਾਣੀ ਦੇ ਨਿਕਾਸ ਦਾ ਮੁੱਦਾ ਬਹੁਤ ਗੰਭੀਰ ਸੰਕਟ ਧਾਰਨ ਕਰੇਗਾ |