ਰਾਏਕੋਟ, 30 ਦਸੰਬਰ (ਸੁਸ਼ੀਲ)-ਪਾਵਰਕਾਮ ਦੇ ਲੁਧਿਆਣਾ ਸੈਂਟਰਲ ਜ਼ੋਨ ਦੇ ਚੀਫ ਇੰਜਨੀਅਰ ਸ. ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਵਿਸ਼ੇਸ਼ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ-ਵੱਖ ਉਪਮੰਡਲਾਂ ਦੇ ਸਬ ਡਿਵੀਜ਼ਨਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਚੀਫ ਇੰਜਨੀਅਰ ਹਾਂਸ ਨੇ ਪਾਵਰਕਾਮ ਅਧਿਕਾਰੀਆਂ ਨੂੂੰ ਹਦਾਇਤ ਕੀਤੀ ਕਿ ਉਹ ਆਉਂਦੇ ਗਰਮੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦੇਣ ਤਾਂ ਜੋ ਗਰਮੀਆਂ ਦੇ ਮੌਸਮ 'ਚ ਘਰੇਲੂ ਅਤੇ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਲਈ ਪਾਵਰਕਾਮ ਵਲੋਂ ਨਵੇਂ ਫੀਡਰ ਕੱਢ ਕੇ ਓਵਰਲੋੋਡ ਵਾਲੇ ਫੀਡਰਾਂ ਨੂੰ ਅੰਡਰ ਲੋਡ ਕੀਤਾ ਜਾ ਰਿਹਾ ਹੈ, ਜਿਸ ਲਈ ਨਵੇਂ ਟਰਾਂਸਫਾਰਮਰ ਅਤੇ ਨਵੀਆਂ ਲਾਈਨਾਂ ਕੱਢਣ ਦਾ ਕੰਮ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਭੰਮੀਪੁਰਾ ਗਰਿੱਡ ਦੀ ਮਨਜ਼ੂਰੀ ਵਿਭਾਗ ਨੂੂੰ ਮਿਲ ਚੁੱਕੀ ਹੈ, ਜਿਸ ਦੀ ਜਲਦੀ ਹੀ ਉਸਾਰੀ ਸ਼ੁਰੂ ਹੋ ਜਾਵੇਗੀ | ਇਸ ਮੌਕੇ ਉਨ੍ਹਾਂ ਪਿੰਡ ਅਖਾੜਾ ਅਤੇ ਬੱਸੂਵਾਲ ਵਿਖੇ ਕਿਸਾਨ ਯੂਨੀਅਨਾਂ ਵਲੋਂ ਸਮਾਰਟ ਮੀਟਰ ਉਤਾਰੇ ਜਾਣ ਦੀ ਆਲੋਚਨਾ ਕੀਤੀ | ਕਿਉਂਕਿ ਉਤਾਰੇ ਗਏ ਮੀਟਰਾਂ ਨਾਲ ਜਿੱਥੇ ਵਿਭਾਗ ਵਲੋਂ ਔਸਤ ਬਿੱਲ ਵਸੂਲਿਆ ਜਾਵੇਗਾ ਉੱਥੇ ਉਸ ਨੂੰ ਫ੍ਰੀ ਵਿਚ ਮਿਲਣ ਵਾਲੀ ਬਿਜਲੀ ਦੀ ਸਹੂੂਲਤ ਵੀ ਬੰਦ ਹੋ ਸਕਦੀ ਹੈ | ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਕਿ ਵਿਭਾਗ ਵਲੋਂ ਜੋ ਵੀ ਸਮਾਰਟ ਮੀਟਰ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਪ੍ਰੀਪੇਡ ਨਹੀਂ ਕੀਤਾ ਜਾਵੇਗਾ | ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਲੋਕਾਂ ਦੇ ਬਿਜਲੀ ਦੇ ਬਕਾਏ ਖੜ੍ਹੇ ਹਨ ਉਹ ਤੁਰੰਤ ਜਮ੍ਹਾਂ ਕਰਵਾਏ ਜਾਣ ਨਹੀ ਤਾਂ ਵਿਭਾਗ ਵਲੋਂ ਅਧਿਕਾਰੀਆਂ ਨੂੰ ਕੁਨੈਕਸ਼ਨ ਕੱਟਣ ਦੀ ਵੀ ਹਦਾਇਤ ਕੀਤੀ ਗਈ ਹੈ | ਇਸ ਮੌਕੇ ਮੀਟਿੰਗ ਵਿਚ ਮੰਡਲ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ, ਐੱਸ.ਡੀ.ਓ. ਰਾਏਕੋਟ ਕੁਲਦੀਪ ਕੁਮਾਰ, ਐੱਸ.ਡੀ.ਓ. ਰੂੰਮੀ ਅਮਰਿੰਦਰ ਕੁਮਾਰ, ਐੱਸ.ਡੀ.ਓ. ਲੱਖਾ ਰਾਜੇਸ਼ ਕੁਮਾਰ, ਆਰ.ਏ. ਹਰਪ੍ਰੀਤ ਸਿੰਘ, ਐੱਸ.ਡੀ.ਓ. ਬੱਸੀਆਂ ਸੁਖਮੰਦਰ ਸਿੰਘ ਆਦਿ ਵੀ ਮੌਜ਼ੂਦ ਸਨ |