ਭੰਗਾਲਾ, 2 ਜੂਨ (ਬਲਵਿੰਦਰਜੀਤ ਸਿੰਘ ਸੈਣੀ)-ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਅਧੀਨ ਬਣੀ ਪਿੰਡ ਮੰਜਪੁਰ ਤੋਂ ਭੰਗਾਲਾ ਨੂੰ ਜਾਂਦੀ ਸੰਪਰਕ ਸੜਕ ਉੱਤੇ ਜੇ.ਸੀ.ਬੀ ਐਕਸਾਵੇਟਰ ਦੇ ਆਪਰੇਟਰ ਵਲੋਂ ਸੜਕ 'ਤੇ ਐਕਸਾਵੇਟਰ ਚਲਾ ਕੇ ਸਾਰੀ ਸੜਕ ਖ਼ਰਾਬ ਕੀਤੇ ਜਾਣ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਦਿੰਦਿਆਂ ਦੱਸਿਆ ਕਿ ਇਕ ਜੇ.ਸੀ.ਬੀ ਐਕਸਾਵੇਟਰ ਜੋ ਕਿ ਪਿੰਡ ਮੰਜਪੁਰ ਤੋਂ ਭੰਗਾਲਾ ਵੱਲ ਨੂੰ ਆ ਰਹੀ ਸੀ ਤੇ ਉਸ ਦਾ ਆਪ੍ਰੇਟਰ ਸੜਕ ਉੱਤੇ ਹੀ ਉਸ ਨੂੰ ਚਲਾ ਰਿਹਾ ਸੀ | ਐਕਸਾਵੇਟਰ ਜੋ ਕਿ ਚੈਨ ਸਿਸਟਮ 'ਤੇ ਚੱਲਦੀ ਹੈ, ਐਕਸਾਵੇਟਰ ਚੱਲਣ ਨਾਲ ਸੜਕ ਬਹੁਤ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਸੀਂ ਬਹੁਤ ਹੀ ਮੁਸ਼ਕਲਾਂ ਨਾਲ ਇਹ ਸੜਕ ਸਰਕਾਰ ਨੂੰ ਕਹਿ ਕੇ ਬਣਵਾਈ ਹੈ | ਉਨ੍ਹਾਂ ਕਿਹਾ ਕਿ ਇਹ ਐਕਸਾਵੇਟਰ ਲਈ ਸਪੈਸ਼ਲ ਸਾਧਨ ਬਣੇ ਹੋਏ ਹਨ ਤਾਂ ਜੋ ਐਕਸਾਵੇਟਰਾਂ ਨੂੰ ਉਨ੍ਹਾਂ ਸਾਧਨਾਂ 'ਤੇ ਲੋਡ ਕਰਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾਵੇ | ਉਨ੍ਹਾਂ ਇਸ ਸਬੰਧੀ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਗਈ ਇਸ ਐਕਸਾਵੇਟਰ ਦਾ ਪਤਾ ਕਰਕੇ ਇਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸਬੰਧੀ ਪੀ. ਡਬਲਿਊ.ਡੀ. ਮੁਕੇਰੀਆਂ ਦੇ ਜੇ. ਈ. ਅਮਰਜੀਤ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਨੂੰ ਵੀ ਲੋਕਾਂ ਵਲੋਂ ਪਤਾ ਲੱਗਿਆ ਕਿ ਇੱਕ ਐਕਸਾਵੇਟਰ ਜੋ ਕਿ ਪਿੰਡ ਮੰਜਪੁਰ ਤੋਂ ਭੰਗਾਲੇ ਵੱਲ ਨੂੰ ਸੜਕ 'ਤੇ ਚੱਲਦੀ ਆ ਰਹੀ ਸੀ ਅਤੇ ਸੜਕ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |