ਬਲਾਚੌਰ, 3 ਜੂਨ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ ਸੜਕ 'ਤੇ ਬੂਲੇਵਾਲ ਮੋੜ ਦੇ ਨਜ਼ਦੀਕ ਇੱਕ ਮਹਿੰਦਰਾ ਟਰੈਕਟਰ ਟਰਾਲੀ ਅਤੇ ਆਲਟੋ ਕਾਰ 'ਚ ਜਬਰਦਸਤ ਟੱਕਰ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਇੱਕ ਮਹਿੰਦਰਾ ਟਰੈਕਟਰ ਟਰਾਲੀ ਨੰਬਰ ਪੀ. ਬੀ 16 ਐਫ 5842 ਜਿਸ ਨੂੰ ਰਮਨ ਰਾਣਾ ਪੁੱਤਰ ਰਾਜ ਕੁਮਾਰ ਰਾਣਾ ਵਾਸੀ ਭੱਦੀ ਚਲਾ ਰਿਹਾ ਸੀ ਜੋ ਭੱਦੀ ਵਾਲੀ ਸਾਈਡ ਤੋਂ ਬਲਾਚੌਰ ਸ਼ਹਿਰ ਵਾਲੇ ਪਾਸੇ ਨੂੰ ਆ ਰਿਹਾ ਸੀ ਕਿ ਬੂਲੇਵਾਲ ਮੋੜ ਦੇ ਨਜ਼ਦੀਕ ਇੱਕ ਆਲਟੋ ਕਾਰ ਨੰਬਰ ਪੀ. ਬੀ 07 ਟੀ 7211 ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਜਾਗਰ ਸਿੰਘ ਪਿੰਡ ਬੂਲੇਵਾਲ ਚਲਾ ਰਿਹਾ ਸੀ ਜੋ ਆਪਣੇ ਪਿੰਡ ਬੂਲੇਵਾਲ ਨੂੰ ਜਾ ਰਿਹਾ ਸੀ ਕਿ ਅਚਾਨਕ ਟਰੈਕਟਰ ਟਰਾਲੀ ਨਾਲ ਹਾਦਸਾ ਗ੍ਰਸਤ ਹੋ ਗਿਆ | ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦ ਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਬਲਾਚੌਰ ਤੋਂ ਏ. ਐਸ. ਆਈ ਨਰੇਸ਼ ਕੁਮਾਰ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |