ਬੰਗਾ, 1 ਸਤੰਬਰ (ਧਰਮਵੀਰ ਪਾਲ)-ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਦਾ ਕਹਿਰ ਬਰਸ ਰਿਹਾ ਹੈ, ਜਿਸ ਕਾਰਨ ਨਵਾਂਸ਼ਹਿਰ-ਬੰਗਾ ਵਾਲੀ ਵੇਈਾ ਜਿਸ ਦਾ ਬੰਨ੍ਹ ਟੁੱਟਣ ਕਾਰਨ ਪਿੰਡ ਚੇਤਾ ਵਿਚ ਭਾਰੀ ਤਾਦਾਦ ਵਿਚ ਪਾਣੀ ਭਰ ਗਿਆ | ਇਸ ਸਮੇਂ ਪਿੰਡ ਚੇਤਾ, ਕੰਗਰੌੜ ਦੇ ਲੋਕ ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਹਨ | ਪ੍ਰਸ਼ਾਸਨਿਕ ਅਧਿਕਾਰੀ ਤੇ ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਡਾ. ਸੁਖੀ ਨੇ ਕਿਹਾ ਕਿ ਪਿੰਡ ਵਿਚ ਵੇਂਈ ਦਾ ਕਿਨਾਰਾ ਟੁੱਟਣ ਕਾਰਨ ਪਾਣੀ ਭਰ ਗਿਆ ਹੈ ਅਸੀਂ ਮੌਕੇ 'ਤੇ ਆ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਪਸ਼ੂਆਂ ਦੇ ਚਾਰੇ ਤੇ ਤਰਪਾਲਾਂ ਦੀ ਲੋੜ ਹੈ ਜੋ ਕਿ ਤੁਰੰਤ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕ ਪਿੰਡ ਚੇਤਾ ਦੀ ਮਦਦ ਕਰਨ ਲਈ ਪਹੁੰਚ ਗਏ ਹਨ ਤੇ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਚੁੱਕਾ ਹੈ | ਇਥੇ ਦੱਸ ਦਈਏ ਕਿ ਬੰਗਾ ਗੋਪਾਲਪੁਰ ਡਰੇਨ ਦੀ ਸਫਾਈ ਨਾ ਹੋਣ ਕਾਰਨ ਡਰੇਨ ਦਾ ਗੰਦਾ ਪਾਣੀ ਸੜਕਾਂ ਘਰਾਂ ਤੇ ਖੇਤਾਂ ਵੱਲ੍ਹ ਨੂੰ ਵਗਣਾ ਸ਼ੁਰੂ ਹੋ ਗਿਆ | ਬੰਗਾ ਤੇ ਖਟਕੜ ਖੁਰਦ ਦਾ ਸਾਰਾ ਪਾਣੀ ਬੰਗਾ ਗੋਪਾਲਪੁਰ ਡਰੇਨ ਵਿਚ ਜਾ ਰਿਹਾ ਹੈ ਤੇ ਜਿਸ ਨਾਲ ਪਿੰਡ ਹੀਉਂ ਦੇ ਘਰਾਂ 'ਚੋਂ ਲੰਘਦੀ ਡਰੇਨ ਦਾ ਪਾਣੀ ਘਰਾਂ ਵਿਚ ਨੂੰ ਆਉਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪਿੰਡ ਵਾਸੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਸ ਮੌਕੇ ਪਿੰਡ ਹੀਉਂ ਦੇ ਸਰਪੰਚ ਪਿਆਰਾ ਰਾਮ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਬਹੁਤ ਵਾਰ ਪ੍ਰਸ਼ਾਸਨ ਤੇ ਸਰਕਾਰੀ ਅਧਿਕਾਰੀਆਂ ਦੇ ਕੋਲੋਂ ਬੇਨਤੀ ਕਰ ਚੁੱਕੇ ਹਾਂ ਕਿ ਇਹ ਡਰੇਨ ਦੀ ਸਫਾਈ ਕਰਵਾਈ ਜਾਵੇ ਪਰ ਅਜੇ ਤੱਕ ਡਰੇਨ ਦੀ ਸਫਾਈ ਨਹੀਂ ਕਰਵਾਈ ਗਈ, ਜਿਸ ਕਾਰਨ ਡਰੇਨ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਹੋ ਕੇ ਲੋਕਾਂ ਦੇ ਘਰਾਂ ਵਿਚ ਜਾਣਾ ਸ਼ੁਰੂ ਹੋ ਗਿਆ ਅਤੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |