ਬਲਾਚੌਰ, 2 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪਿੰਡ ਘਮੌਰ ਵਿਖੇ ਅੱਜ ਸਵੇਰੇ ਦੋ ਮਕਾਨ ਭਾਰੀ ਮੀਂਹ ਦੀ ਭੇਟ ਚੜ੍ਹ ਗਏ | ਪੀੜਤ ਪਰਿਵਾਰਾਂ ਨੇ ਦੱਸਿਆ ਕਿ ਅੱਜ ਤੜਕਸਾਰ ਸਾਢੇ ਚਾਰ ਵਜੇ ਇਕ ਦਮ ਆਵਾਜ਼ ਆਈ, ਤਾਂ ਦੇਖਿਆ ਕਿ ਗਾਡਰਾਂ ਬਾਲਿਆਂ ਵੀ ਛੱਤ ਵਾਲੇ ਦੋ ਮਕਾਨਾਂ ਦੀਆਂ ਕੰਧਾਂ ਪਿੱਛੇ ਖੇਤਾਂ ਵੱਲ ਲੁੜ੍ਹਕ ਗਈਆਂ ਤੇ ਮਕਾਨਾਂ ਦੀਆਂ ਛੱਤਾਂ ਡਿਗ ਗਈਆਂ | ਹਰੀ ਰਾਮ ਨਾਮੀ ਬਜ਼ੁਰਗ ਨੇ ਦੱਸਿਆ ਕਿ ਉਸਦੇ ਭਤੀਜਿਆਂ ਮੁਖ਼ਤਿਆਰ ਸਿੰਘ ਪੁੱਤਰ ਲਹਿੰਬਰ ਰਾਮ ਤੇ ਦਵਿੰਦਰਪਾਲ ਸਿੰਘ ਪੁੱਤਰ ਲਹਿੰਬਰ ਰਾਮ ਜੋ ਭਰਾ ਹਨ ਅਤੇ ਘਰ ਵੀ ਨਾਲ-ਨਾਲ ਹਨ | ਦਵਿੰਦਰਪਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਆਮ ਵਾਂਗ ਰਾਤ ਵੀ ਥੱਕਿਆ ਹਾਰਿਆ ਘਰ ਆਇਆ ਤਾਂ ਨਾਲ ਵਾਲੇ ਕਮਰੇ ਵਿਚ ਸੌਂ ਗਿਆ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸੇ ਤਰ੍ਹਾਂ ਮੁਖ਼ਤਿਆਰ ਸਿੰਘ ਜਿਹੜਾ ਵਿਦੇਸ਼ ਗਿਆ ਹੈ, ਉਨ੍ਹਾਂ ਨਾਲ ਵੀ ਇੰਝ ਵਾਪਰਿਆ | ਛੱਤ ਡਿੱਗਣ ਕਾਰਨ ਸਾਮਾਨ ਨਾਲ ਭਰੀਆਂ ਪੇਟੀਆਂ ਤੇ ਟਰੰਕਾਂ ਵਿਚ ਪਿਆ ਸਾਮਾਨ ਤੇ ਬੈੱਡ ਤੇ ਕੁਰਸੀਆਂ ਨੁਕਸਾਨੀਆਂ ਗਈਆਂ | ਦਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਟੀ. ਵੀ. ਸੈੱਟ ਵੀ ਨੁਕਸਾਨਿਆਂ ਗਿਆ ਨਾਲ ਵਾਲੇ ਮਕਾਨਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਅਤੇ ਮਕਾਨਾਂ ਹੇਠ ਬੱਲੀਆਂ ਤੇ ਕੌਲਿਆਂ ਦੀ ਸਪੋਰਟ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰਪੰਚ ਕੁਲਵਿੰਦਰ ਸਿੰਘ ਅਜੀਮਲ ਤੇ ਹੋਰ ਮੁਹਤਬਰ ਮੌਕਾ ਦੇਖ ਕੇ ਗਏ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਤਿ ਦੇ ਗ਼ਰੀਬ ਹਨ ਤੇ ਢਹਿ-ਢੇਰੀ ਹੋਏ ਮਕਾਨਾਂ ਦਾ ਯੋਗ ਮੁਆਵਜ਼ਾ ਬਿਨਾਂ ਦੇਰੀ ਦਿੱਤਾ ਜਾਵੇ |