ਪੋਜੇਵਾਲ ਸਰਾਂ, 2 ਸਤੰਬਰ (ਬੂਥਗੜ੍ਹੀਆ)- ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ 'ਚ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੇ ਜਨਮ ਦਿਵਸ ਮਨਾਉਣ ਲਈ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਰੂਪ ਰੇਖਾ ਉਲੀਕਣ ਸੰਬੰਧੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਨਾਲ ਜੁੜੇ ਸਮੁੱਚੇ ਸੇਵਾਦਾਰਾਂ ਦੀ ਭਰਵੀਂ ਮੀਟਿੰਗ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਹੋਈ | ਮੀਟਿੰਗ ਦੌਰਾਨ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ 8 ਸਤੰਬਰ ਨੂੰ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਅਚਾਰੀਆ ਬਾਬਾ ਗਰੀਬਦਾਸ ਦੀ ਰਚਿਤ ਬਾਣੀ ਦੇ ਅਖੰਡ ਪਾਠਾਂ ਦਾ ਪ੍ਰਕਾਸ਼ ਕਰਨਗੇ | 9 ਸਤੰਬਰ ਨੂੰ ਵੱਖ -ਵੱਖ ਡਾਕਟਰਾਂ ਦੀਆਂ ਟੀਮਾਂ ਵਲੋਂ ਵਿਸ਼ਾਲ ਮੈਗਾ ਮੈਡੀਕਲ ਕੈਂਪ ਅਤੇ ਪੀ.ਜੀ.ਆਈ ਚੰਡੀਗੜ੍ਹ ਦੀ ਟੀਮ ਦੇ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸੇ ਹੀ ਦੌਰਾਨ ਬਾਣੀ ਨੂੰ ਮੱਧ ਦੇ ਭੋਗ ਲੱਗਣਗੇ | 10 ਸਤੰਬਰ ਨੂੰ ਅਚਾਰੀਆ ਕਾਸ਼ੀ ਵਾਲੇ ਪਹਿਲਾਂ ਅੰਮਿ੍ਤ ਵੇਲੇ ਸ਼ੋਭਾ ਯਾਤਰਾ ਦੌਰਾਨ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਨਗਰ ਦੀ ਸਰਬ ਸੰਗਤ ਤੇ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਸੰਤ ਮਹਾਂਪੁਰਸ਼ਾ ਦੁਆਰਾ ਸਤਿਗੁਰੂ ਕਾਸ਼ੀ ਵਾਲਿਆਂ ਦੀ ਅਗਵਾਈ ਹੇਠ ਨਗਰ ਪ੍ਰਕਿਰਮਾ ਹੋਵੇਗੀ | ਉਪਰੰਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੀ ਸਮਾਪਤੀ ਮੌਕੇ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਪਾਏ ਜਾਣਗੇ | ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਦੇ ਤਿੰਨ ਦਿਨ ਸੰਧਿਆ ਆਰਤੀ ਉਪਰੰਤ ਵੇਦਾਂਤ ਅਚਾਰੀਆ ਚੇਤਨਾ ਨੰਦ ਸਹਿਤ ਵੱਖ-ਵੱਖ ਸੰਪਰਦਾਵਾਂ ਤੋਂ ਪੁੱਜੇ ਉੱਚ ਕੋਟੀ ਦੇ ਵਿਦਵਾਨ ਸੰਤ ਮਹਾਂਪੁਰਸ਼ ਸਤਿਸੰਗ ਉਪਦੇਸ਼ ਜਰੀਏ ਅੰਮਿ੍ਤ ਵਰਖਾ ਕਰਨਗੇ | ਟਰੱਸਟ ਦੇ ਮੈਂਬਰਾਨ ਨੇ ਦੱਸਿਆ ਕਿ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਲਈ 40 ਦੇ ਕਰੀਬ ਸੇਵਾਦਾਰਾਂ ਦੇ ਵੱਖਰੇ-ਵੱਖਰੇ ਵਿੰਗ ਬਣਾ ਕੇ ਪੂਰੇ ਸਮਾਗਮ ਨੂੰ 4 ਸੈਕਟਰਾਂ ਵਿਚ ਵੰਡ ਕੇ 900 ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜੋ 7 ਸਤੰਬਰ ਨੂੰ ਧਾਮ ਝਾਂਡੀਆਂ ਕਲਾਂ ਵਿਖੇ ਪਹੁੰਚ ਕੇ ਆਪੋ ਆਪਣੀਆਂ ਡਿਊਟੀਆਂ ਸੰਭਾਲਣਗੇ |