ਨਵਾਂਸ਼ਹਿਰ/ਉਸਮਾਨਪੁਰ, 2 ਸਤੰਬਰ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ)-ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡ ਧੈਂਗੜਪੁਰ ਦੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਅਤੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਇਲਾਕੇ ਭਰ ਦੇ ਲੋਕਾਂ ਵਲੋਂ ਆਪ ਮੁਹਾਰੇ ਆ ਕੇ ਕਮਾਨ ਸੰਭਾਲ ਲਈ ਗਈ ਹੈ | ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਭਾਵੇਂ ਲੋਕਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਬਹੁ-ਗਿਣਤੀ ਲੋਕ ਉਹ ਹਨ, ਜੋ ਦਰਿਆ ਸਤਲੁਜ ਦੇ ਕੰਢੇ ਵਸੇ ਵੱਖ-ਵੱਖ ਪਿੰਡਾਂ ਤੋਂ ਹਨ ਅਤੇ ਇਨਸਾਨੀਅਤ ਦੇ ਨਾਅਤੇ ਇਥੇ ਸੇਵਾ ਨਿਭਾਅ ਰਹੇ ਹਨ | ਬੀਤੀ ਰਾਤ ਦਰਿਆ ਵਿਚ 1.25 ਲੱਖ ਕਿਊਸਿਕ ਪਾਣੀ ਚੱਲ ਰਿਹਾ ਸੀ, ਜੋ ਹੁਣ ਘਟ ਕੇ 65 ਹਜ਼ਾਰ ਕਿਊਸਿਕ ਦੇ ਨੇੜੇ ਰਹਿ ਗਿਆ ਹੈ | ਬੀਤੀ ਦੇਰ ਰਾਤ ਇਥੇ ਬੰਨ੍ਹ ਨੂੰ ਢਾਹ ਲੱਗ ਗਈ ਸੀ ਪਰ ਆਸ-ਪਾਸ ਦੇ ਪਿੰਡਾਂ ਵਿਚ ਇਸ ਸੰਬੰਧੀ ਪਤਾ ਲੱਗਣ 'ਤੇ ਲੋਕ ਆਪ ਮੁਹਾਰੇ ਇਥੇ ਮੌਕੇ 'ਤੇ ਪੁੱਜਣਾ ਸ਼ੁਰੂ ਹੋ ਗਏ ਅਤੇ ਵਰ੍ਹਦੇ ਮੀਂਹ ਵਿਚ ਬੰਨ੍ਹ ਨੂੰ ਬਚਾਉਣ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਯਤਨ ਆਰੰਭ ਕੀਤੇ ਗਏ | ਅੱਜ ਸਵੇਰੇ ਤੋਂ ਇਲਾਕੇ ਭਰ ਤੋਂ ਲੋਕ ਮਿੱਟੀ ਦੀਆਂ ਟਰਾਲੀਆਂ ਭਰ ਕੇ ਬੰਨ੍ਹ 'ਤੇ ਲਿਆ ਰਹੇ ਹਨ | ਇਸ ਤੋਂ ਇਲਾਵਾ ਬੰਨ੍ਹ 'ਤੇ ਲੱਗੀ ਢਾਹ ਨੂੰ ਰੋਕਣ ਲਈ ਦਰਖਤ ਵੱਢ ਕੇ ਸੁੱਟੇ ਜਾ ਰਹੇ ਹਨ | ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬੰਨ੍ਹ 'ਤੇ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਦੀ ਲੇਬਰ ਨੂੰ ਵੀ ਲਗਾਇਆ ਗਿਆ ਹੈ | ਇਸ ਮੌਕੇ ਸਤਨਾਮ ਸਿੰਘ ਸਾਬਕਾ ਸਰਪੰਚ, ਗੁਰਨਾਮ ਸਿੰਘ ਜਾਨੀਆਂ, ਜੋਗਿੰਦਰ ਸਿੰਘ ਰੰਧਾਵਾ, ਤਰਸੇਮ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਸਮਾਂ ਰਹਿੰਦਿਆਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਰਵਾਇਆ ਜਾਂਦਾ ਤਾਂ ਅੱਜ ਅਜਿਹੇ ਹਾਲਾਤ ਪੈਦਾ ਨਹੀਂ ਹੋਣੇ ਸਨ | ਜਮੀਤਗੜ੍ਹ ਭੱਲਾ ਤੋਂ ਬਾਬਾ ਬਿਕਰਮਜੀਤ ਸਿੰਘ ਸੋਢੀ ਵਲੋਂ ਗੁਰੂ ਦਾ ਲੰਗਰ ਸੇਵਾਦਾਰ ਸ਼ਿਵ ਸ਼ਰਮਾ ਰਾਹੀਂ ਭੇਜਿਆ |