ਨਵਾਂਸ਼ਹਿਰ, 2 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਦੌਲਤਪੁਰ ਵਿਖੇ ਬੰਬੇਲੀ ਸਾਕੇ ਦੇ ਅਮਰ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ ਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਸ਼ਹੀਦ ਬੱਬਰ ਬਿਸ਼ਨ ਸਿੰਘ ਮਾਂਗਟ ਤੇ ਬੱਬਰ ਅਕਾਲੀ ਲਹਿਰ ਦੇ ਦੂਸਰੇ ਬੱਬਰ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਯਾਦਗਾਰੀ ਹੋ ਨਿੱਬੜਿਆ | ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਤੇ ਟਰੱਸਟ ਵਲੋਂ ਕਰਵਾਏ ਸਮਾਗਮ ਵਿਚ ਪਹਿਲੇ ਦੋ ਦਿਨ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ ਅਤੇ ਰਾਤ ਦੇ ਦੀਵਾਨਾਂ ਵਿਚ ਕੀਰਤਨ ਦਰਬਾਰ ਸਜਾਏ ਗਏ | ਤੀਸਰੇ ਦਿਨ ਮੁੱਖ ਸਮਾਗਮ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਗਮ ਦੇ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੇ ਬੱਬਰ ਅਕਾਲੀ ਲਹਿਰ ਤੇ ਦੂਸਰੀਆਂ ਲਹਿਰਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਅੱਜ ਦੇ ਸੰਦਰਭ ਵਿਚ ਪੰਜਾਬ ਦੇ ਲੋਕਾਂ ਨੂੰ ਵੰਗਾਰ ਪਾਈ | ਹਮੀਰ ਸਿੰਘ ਨੇ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ, ਸੂਬੇ ਦੀਆਂ ਸਿਆਸੀ ਪਾਰਟੀਆਂ ਤੋਂ ਉੱਠੇ ਲੋਕਾਂ ਦੇ ਭਰੋਸੇ, ਸਿਆਸਤਦਾਨਾਂ ਦੇ ਡਿਗਦੇ ਕਿਰਦਾਰ ਤੇ ਮਿਆਰ ਦੀ ਗਲ ਕਰਦਿਆਂ ਪੰਜਾਬ ਨੂੰ ਆਪਣੀ ਰਾਖੀ ਆਪ ਕਰਨ ਲਈ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਸਰਗਰਮੀ ਦਿਖਾਉਣ ਲਈ ਕਿਹਾ | ਉਨ੍ਹਾਂ ਦਿੱਲੀ ਸਰਕਾਰ ਖ਼ਿਲਾਫ਼ ਲੜੇ ਕਿਸਾਨ ਘੋਲ ਤੇ ਲੈਂਡ ਪੂਲਿੰਗ ਘੋਲ ਸੰਬੰਧੀ ਪ੍ਰਾਪਤ ਕੀਤੀ ਜਿੱਤ 'ਚ ਪਾਏ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਗਿਆਨੀ ਰਘੁਬੀਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਸੰਤ ਬਾਬਾ ਕਸ਼ਮੀਰ ਸਿੰਘ, ਸੰਤ ਬਾਬਾ ਜਗਤਾਰ ਸਿੰਘ ਗੁਰਦੁਆਰਾ ਹਰੀਸਰ ਸਾਹਿਬ, ਪ੍ਰਸਿੱਧ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੇ ਧਾਰਮਿਕ ਤੇ ਰਾਜਨੀਤਿਕ ਖੇਤਰ ਵਿਚ ਉੱਭਰ ਰਹੇ ਨਾਂਅ ਭਾਈ ਮਨਧੀਰ ਸਿੰਘ ਗੜ੍ਹੀ, ਸੁਰਜੀਤ ਸਿੰਘ ਐਸ. ਡੀ. ਓ., ਜਸਪਾਲ ਸਿੰਘ ਜਾਡਲੀ ਮੈਨੇਜਿੰਗ ਡਾਇਰੈਕਟਰ, ਜਸਪਾਲ ਸਿੰਘ ਵਿਰਕ ਸਰਪੰਚ ਬੀਰੋਵਾਲ, ਗੁਰਜਿੰਦਰ ਸਿੰਘ ਪੱਪਾ, ਨਰਿੰਦਰ ਸਿੰਘ ਯੂ. ਐਸ. ਏ., ਬੱਬਰ ਕਰਮ ਸਿੰਘ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਪਿ੍ੰਸੀਪਲ ਮੈਡਮ ਰਾਜ ਰਾਣੀ ਨੇ ਵੀ ਆਪਣੇ ਵਿਚਾਰ ਰੱਖੇ | ਸਮਾਗਮ ਲਈ ਗ੍ਰਾਮ ਪੰਚਾਇਤ ਦੌਲਤਪੁਰ, ਸਪੋਰਟਸ ਕਲੱਬ ਤੇ ਪਿੰਡ ਦੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਪੂਰਨ ਸਹਿਯੋਗ ਪ੍ਰਾਪਤ ਰਿਹਾ |