ਬਹਿਰਾਮ, 4 ਸਤੰਬਰ (ਸਰਬਜੀਤ ਸਿੰਘ ਰਾਣਾ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਆਏ ਹੜ੍ਹਾਂ ਕਾਰਨ ਕਈ ਇਲਾਕਿਆਂ ਵਿਚ ਲੋਕਾਂ ਦਾ ਜਾਨੀ-ਮਾਲੀ ਤੇ ਮਾਲ-ਡੰਗਰ ਦਾ ਭਾਰੀ ਨੁਕਸਾਨ ਹੋਇਆ, ਜਿਸ ਸੰਬੰਧ ਵਿਚ ਗੁਰਦੁਆਰਾ ਗੁਰਪਲਾਹ ਪੰਜ ਟਾਹਲੀਆਂ ਸਾਹਿਬ ਵਿਖੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਮੁੱਖ ਗ੍ਰੰਥੀ ਬਾਬਾ ਸਾਹਿਬ ਸਿੰਘ ਦੀ ਅਗਵਾਈ 'ਚ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਉਚਾਰਣ ਕੀਤੀ ਬਾਣੀ ਦੇ ਜਾਪ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਅੱਜ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ | ਇਸ ਸੰਬੰਧੀ ਬਾਬਾ ਸਾਹਿਬ ਸਿੰਘ ਨੇ ਦੱਸਿਆ ਕਿ ਪਾਠੀ ਸਿੰਘਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ ਤੇ ਸਾਨੂੰ ਸਭ ਨੂੰ ਵੀ ਸਰਬੱਤ ਦੇ ਭਲੇ ਤੇ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ |