ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਮਨੁੱਖੀ ਅਧਿਕਾਰਾਂ ਦੇ ਮੁਜੱਸਮੇ ਵਜੋਂ ਜਾਣੀ ਜਾਂਦੀ ਸੰਸਥਾ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ | ਉਸ ਵਲੋਂ ਪੀੜਤਾਂ ਦੇ ਮੁੜ ਵਸੇਵੇ ਵਜੋਂ ਕਰਤਾਰਪੁਰ ਸਾਹਿਬ ਕੌਰੀਡੋਰ ਨੇੜਲੇ ਸਰਹੱਦੀ ਇਲਾਕੇ ਦੇ ਛੇ ਪਿੰਡ ਗੋਦ ਲਏ ਜਾਣ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ | ਇਨ੍ਹਾਂ ਪਿੰਡਾਂ ਦੀ ਤਸਦੀਕ ਤੇ ਨਿਸ਼ਾਨਦੇਹੀ ਲਈ ਫਾਊਾਡੇਸ਼ਨ ਦੇ ਵਫ਼ਦ ਵਲੋਂ ਉਕਤ ਇਲਾਕੇੇ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨਾਲ ਸਾਂਝ ਪਾਈ ਗਈ ਹੈ | ਵਫ਼ਦ ਦੀ ਅਗਵਾਈ ਕਰਦਿਆਂ ਫਾਊਾਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇ ਕੇ ਨੇ ਦੱਸਿਆ ਕਿ ਫਾਊਾਡੇਸ਼ਨ ਵਲੋਂ ਪੰਜਾਬ ਅੰਦਰ ਹੜ੍ਹਾਂ ਕਾਰਨ ਆਈ ਆਫ਼ਤ ਦੌਰਾਨ ਉਹ ਪੀੜ੍ਹਤ ਲੋਕਾਂ ਦੀ ਹਰ ਸੰਭਵ ਮਦਦ ਲਈ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਵਲੋਂ ਹੜ੍ਹਾਂ ਕਾਰਨ ਨੁਕਸਾਨੇ ਮਕਾਨ, ਮਾਰੇ ਗਏ ਪਸ਼ੂਆਂ, ਘਰ ਵਰਤੋਂ ਦੇ ਰੁੜ੍ਹੇ ਸਾਮਾਨ, ਤਬਾਹ ਹੋਏ ਖੇਤਾਂ ਤੇ ਹੋਰ ਕਿਸੇ ਕਿਸਮ ਦੇ ਨੁਕਸਾਨ ਆਦਿ ਪੱਖਾਂ ਦੇ ਆਧਾਰ 'ਤੇ ਸੰਬੰਧਤ ਧਿਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਦਾ ਕਹਿਣ ਸੀ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ | ਵਫ਼ਦ 'ਚ ਫਾਊਾਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ, ਖਜ਼ਾਨਚੀ ਲਖਵਿੰਦਰ ਸਿੰਘ ਕੱਤਰੀ ਤੇ ਸੀਨੀਅਰ ਮੈਂਬਰ ਦਰਬਾਰ ਸਿੰਘ ਧੌਲਾ ਵੀ ਸ਼ਾਮਿਲ ਸਨ | ਦੱਸਣਯੋਗ ਹੈ ਕਿ ਫਾਊਾਡੇਸ਼ਨ ਦੇ ਬੈਨਰ ਹੇਠ ਲੰਮੇ ਅਰਸੇ ਤੋਂ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ, ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਭਾਈਚਾਰਕ ਸਾਂਝ ਕਾਇਮ ਕਰਨ ਦੇ ਮਿਸ਼ਨ ਨਾਲ ਸੂਬੇ ਦੇ ਕੋਨੇ-ਕੋਨੇ 'ਤੇ ਸਾਰਥਿਕ ਕਾਰਜ ਕੀਤੇ ਜਾ ਰਹੇ ਹਨ | ਫਾਊਾਡੇਸ਼ਨ ਦੇ ਸੰਸਥਾਪਕਾਂ 'ਚ ਸ਼ਾਮਿਲ ਅਮਰੀਕਾ ਦੇ ਸੰਧੂ ਪਰਿਵਾਰ ਵਲੋਂ ਉਕਤ ਨੁਮਾਇੰਦਿਆਂ ਦੀ ਅਗਵਾਈ 'ਚ ਇਹ ਕਾਰਜ ਕੀਤੇ ਜਾਣਗੇ | ਫਾਊਾਡੇਸ਼ਨ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਸੇਵਾ ਕਾਰਜ ਜ਼ਿਲ੍ਹਾ ਪ੍ਰਸ਼ਾਸਨ ਦੀ ਰਾਏ ਨਾਲ ਨੇਪਰੇ ਚਾੜ੍ਹੇ ਜਾਣਗੇ |