ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਗੋਰਿਆਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿੱਢੇ ਆਜ਼ਾਦੀ ਦੇ ਸੰਗਰਾਮ 'ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੱਬਰ ਸ਼ਹੀਦਾਂ ਦੀ ਯਾਦ 'ਚ ਬੱਬਰਾਂ ਦੀ ਕਰਮ ਭੂਮੀ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਸਕੂਲ ਦੌਲਤਪੁਰ ਵਿਖੇ ਬੰਬੇਲੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ, ਜਿਸ ਦੌਰਾਨ ਆਜ਼ਾਦੀ ਘੁਲਾਟੀਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਰਾਗੀ ਢਾਡੀ ਤੇ ਕਵੀਸ਼ਰਾਂ ਵਲੋਂ ਗਰਮ ਜੋਸ਼ੀ ਨਾਲ ਪੇਸ਼ ਕੀਤਾ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਗੁਰਪ੍ਰੀਤ ਸਿੰਘ ਵੜੈਚ ਪੰਜਾਬੀ ਫਿਲਮਾਂ ਰੇਡੀਓ ਤੇ ਟੀ. ਵੀ. ਦੇ ਮਹਾਨ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਸ਼ਿਰਕਤ ਕੀਤੀ | ਇਸ ਦੌਰਾਨ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਸਰਹਾਲ ਕਾਜ਼ੀਆਂ ਵਿਖੇ ਕਲੇਰ ਅਥਲੈਟਿਕਸ ਅਕੈਡਮੀ ਚਲਾ ਰਹੇ ਅੰਤਰਰਾਸ਼ਟਰੀ ਵੈਟਰਨ ਅਥਲੀਟ ਰਵਿੰਦਰ ਸਿੰਘ ਕਲੇਰ ਜਿਨ੍ਹਾਂ ਵਲੋਂ ਅਥਲੈਟਿਕਸ ਵਿਚ 300 ਤੋਂ ਉੱਪਰ ਸੋਨੇ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਅਤੇ ਉਨ੍ਹਾਂ ਦੀ ਇਹ ਕਰਮਸ਼ੀਲਤਾ ਅਜੇ ਵੀ ਨਿਰੰਤਰ ਜਾਰੀ ਹੈ | ਉਨ੍ਹਾਂ ਦੀ ਸਮਾਜ ਪ੍ਰਤੀ ਨਿੱਗਰ ਤੇ ਅਗਾਂਹਵਧੂ ਸੋਚ ਲਈ ਸੋਨ ਤਗਮਾ ਟਰਾਫੀ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਟਰੱਸਟ ਦੇ ਪ੍ਰਧਾਨ ਕੇਹਰ ਸਿੰਘ, ਉਪ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਜਸਪਾਲ ਸਿੰਘ ਜਾਡਲੀ, ਕਿਰਪਾਲ ਸਿੰਘ ਖਾਬੜਾ ਅਤੇ ਪਿ੍ੰਸੀਪਲ ਮੈਡਮ ਰਾਜ ਰਾਣੀ ਤੋਂ ਇਲਾਵਾ ਹੋਰ ਹਸਤੀਆਂ ਵੀ ਮੌਜੂਦ ਸਨ |