ਬਲਾਚੌਰ, 21 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. ਬਲਾਕ ਬਲਾਚੌਰ ਦੀ ਮਾਸਿਕ ਮੀਟਿੰਗ ਤਜਿੰਦਰ ਜੋਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ | ਪ੍ਰਧਾਨ ਤਜਿੰਦਰ ਸਿੰਘ ਜੋਤ ਨੇ ਦੱਸਿਆ ਕਿ ਸਰਬਸੰਮਤੀ ਨਾਲ ਐਸੋਸੀਏਸ਼ਨ ਵਲੋਂ ਦੇਸ਼ ਦੀ ਆਜ਼ਾਦੀ ਦੇ ਮਹਾਂਨਾਇਕ ਸ਼ਹੀਦ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ 28 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮਨਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਤੇ ਕੇਕ ਕੱਟਣ ਦਾ ਫੈਸਲਾ ਕੀਤਾ | ਪ੍ਰਧਾਨ ਜੋਤ ਨੇ ਆਖਿਆ ਇਸ ਮਹਾਨ ਕ੍ਰਾਂਤੀਕਾਰ ਦੇ ਪੂਰਨਿਆਂ 'ਤੇ ਚੱਲਣ ਦੀ ਜ਼ਰੂਰਤ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੀ ਕੁਰਬਾਨੀ ਤੇ ਵਿਚਾਰਧਾਰਾ ਨਾਲ ਜੋੜਿਆ ਜਾ ਸਕੇ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਹਿੱਸਾ ਲੈਣ ਤਾਂ ਕਿ ਸ਼ਹੀਦ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਦਾ ਵਾਅਦਾ ਕਰੀਏ | ਮੀਟਿੰਗ ਵਿਚ ਦਿਲਦਾਰ ਸਿੰਘ ਚਾਹਲ ਤੇ ਸਰਬਜੀਤ ਸਿੰਘ ਨੂੰ ਸੋਸ਼ਲ ਕੰਮਾਂ ਲਈ ਸਨਮਾਨਿਤ ਕੀਤਾ | ਸਮਾਜ ਸੇਵਾ ਵਿਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਨੂੰ ਦੇਖਦਿਆਂ ਇਹ ਸਨਮਾਨ ਪ੍ਰਦਾਨ ਕੀਤਾ | ਇਨ੍ਹਾਂ ਨੇ ਲੰਮੇ ਸਮੇਂ ਤੋਂ ਗਰੀਬਾਂ ਦੀ ਸਹਾਇਤਾ, ਸਿਹਤ ਸੇਵਾਵਾਂ ਤੇ ਨੌਜਵਾਨਾਂ ਨੂੰ ਸਹੀ ਰਾਹ 'ਤੇ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਪ੍ਰਧਾਨ ਜੋਤ ਨੇ ਕਿਹਾ ਕਿ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਲੋਕਾਂ ਦੀ ਹਰ ਮੁਸ਼ਕਿਲ ਵਿਚ ਸਹਾਇਤਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਰਾਹਤ ਸਮਗਰੀ, ਸਿਹਤ ਸੇਵਾਵਾਂ ਤੇ ਹੋਰ ਲੋੜੀਂਦੀ ਮਦਦ ਪਹੁੰਚਾਈ ਜਾਵੇਗੀ | ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਪੀੜਤਾਂ ਦੀ ਸਹਾਇਤਾ ਲਈ ਹਿੱਸਾ ਪਾਉਣਾ ਚਾਹੀਦਾ ਹੈ | ਮੀਟਿੰਗ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਗਿਆਨ ਸਿੰਘ, ਯਸ਼ਪਾਲ ਸ਼ਰਮਾ ਭੱਦੀ, ਪਿੰਕਾ ਨੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਤਹਿਸੀਲ ਬਲਾਚੌਰ ਦੀ ਮੀਟਿੰਗ ਵਿਚ ਮੌਜੂਦ ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਪ੍ਰੇਮ ਸਿੰਘ, ਯਸ਼ਪਾਲ ਸ਼ਰਮਾ, ਲਖਵੀਰ ਸਿੰਘ, ਹਰਜਿੰਦਰ ਸਿੰਘ ਕੈਸ਼ੀਅਰ, ਸੁਭਾਸ਼, ਜਤਿੰਦਰ, ਭੁਪਿੰਦਰ ਸਿਆਣ, ਜਤਿੰਦਰ ਸਿੰਘ, ਅਮਰੀਕ, ਸੁਖਵਿੰਦਰ ਸਿੰਘ ਆਦਿ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਸਨ |