ਬੰਗਾ, 26 ਸਤੰਬਰ (ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ)-ਬੰਗਾ ਹਲਕੇ ਦੇ ਪਿੰਡ ਹੱਪੋਵਾਲ ਵਿਚ ਪਿੰਡ ਦੇ ਨੌਜਵਾਨ ਸਰਪੰਚ ਗੁਰਿੰਦਰ ਸਿੰਘ ਭਲਵਾਨ ਪੁੱਤਰ ਗੁਰਨਾਮ ਸਿੰਘ ਜੋ ਖੇਤਾਂ ਵਿਚ ਕੰਮ ਕਰ ਰਿਹਾ ਸੀ | ਉਸ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ | ਇਸ ਹਮਲੇ 'ਚ ਉਹ ਗੰਭੀਰ ਜ਼ਖ਼ਮੀ ਹੋ ਗਿਆ | ਉਸ ਨੂੰ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹਾਲਤ 'ਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲਿਜਾਇਆ ਗਿਆ | ਜਾਣਕਾਰੀ ਅਨੁਸਾਰ ਸਰਪੰਚ ਗੁਰਿੰਦਰ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਉਸ ਕੋਲ ਆਏ ਇਕ ਨੇ ਉਸ 'ਤੇ ਫਾਇਰ ਕਰ ਦਿੱਤਾ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਇਸ ਮੌਕੇ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਇਕ ਗੋਲੀ ਪੇਟ ਨੂੰ ਪਾਰ ਕਰਦੀ ਹੋਈ ਰੀੜ੍ਹ ਦੀ ਹੱਡੀ ਵਿਚ ਜਾ ਕੇ ਫਸ ਗਈ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੱਸਦਿਆਂ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿਖੇ ਰੈਫਰ ਕਰ ਦਿੱਤਾ | ਮੌਕੇ 'ਤੇ ਪਹੁੰਚੇ ਬੰਗਾ ਪੁਲਿਸ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਹਰਜੀਤ ਸਿੰਘ ਡੀ. ਐਸ. ਪੀ. ਬੰਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਹੱਪੋਵਾਲ ਦੇ ਸਰਪੰਚ 'ਤੇ ਆਣਪਛਾਤੇ ਵਿਅਕਤੀਆਂ ਨੇ ਗੋਲੀ ਚਲਾਈ ਜੋ ਉਸ ਦੀ ਛਾਤੀ 'ਚ ਲੱਗੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |