ਬਲਾਚੌਰ, 27 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਾਬਾ ਵਤਨ ਸਿੰਘ ਟੱਪਰੀਆਂ ਭਵਨ ਵਿਖੇ ਸਾਥੀ ਰਾਮੂ ਤੇ ਸੁਰੇਸ਼ ਦੀ ਪ੍ਰਧਾਨਗੀ ਹੇਠ ਸੀਟੂ ਦੀ ਮੀਟਿੰਗ ਹੋਈ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਪੀ. ਆਈ. ਐੱਮ. ਦੇ ਤਹਿਸੀਲ ਸਕੱਤਰ ਕਾਮਰੇਡ ਪ੍ਰੇਮ ਰੱਕੜ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਪ੍ਰਵਾਸੀਆਂ ਖ਼ਿਲਾਫ਼ ਆਰੰਭ ਹੋਈ ਮੁਹਿੰਮ ਦੇ ਮੱਦੇਨਜ਼ਰ ਵਿਚ ਸੀਟੂ ਵਲੋਂ 30 ਸਤੰਬਰ ਨੂੰ ਬਲਾਚੌਰ ਸ਼ਹਿਰ ਵਿਚ ਅਮਨ ਮਾਰਚ ਕਰਕੇ ਐਸ. ਡੀ. ਐਮ. ਬਲਾਚੌਰ ਨੂੰ ਮੰਗ-ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਸੀਟੂ ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਖ਼ਿਲਾਫ਼ ਕੁੱਝ ਵੰਡਵਾਦੀ, ਫ਼ਿਰਕੂ ਤੇ ਫੁੱਟਪਾਉ ਤੱਤਾਂ ਵਲੋ ਆਰੰਭ ਕੀਤੀ ਮੁਹਿੰਮ ਮੰਦਭਾਗੀ ਹੈ | ਉਨ੍ਹਾਂ ਹੁਸ਼ਿਆਰਪੁਰ ਦੀ ਘਿਣਾਉਣੀ ਅਤੇ ਦਰਿੰਦਗੀ ਭਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਘਟਨਾ ਨਾਲ ਸੰਬੰਧਿਤ ਦਰਿੰਦੇ ਨੂੰ ਜਲਦੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ | ਸਾਥੀ ਰੌੜੀ ਨੇ ਕਿਹਾ ਕਿ ਬਲਾਚੌਰ ਇਲਾਕੇ ਅੰਦਰ ਭਾਈਚਾਰਕ ਸਾਂਝ, ਸਦਭਾਵਨਾ, ਫ਼ਿਰਕੂ ਇਕਸੁਰਤਾ ਨੂੰ ਕਾਇਮ ਰੱਖਣ ਲਈ 30 ਸਤੰਬਰ ਨੂੰ ਬਲਾਚੌਰ ਸ਼ਹਿਰ ਵਿਚ ਅਮਨ ਮਾਰਚ ਕੱਢਿਆ ਜਾਵੇਗਾ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ-ਪੱਤਰ ਦਿੱਤਾ ਜਾਵੇਗਾ | ਇਹ ਅਮਨ ਮਾਰਚ ਨਵਾਂ ਬੱਸ ਸਟੈਂਡ ਚੰਡੀਗੜ੍ਹ ਰੋਡ ਤੋਂ ਆਰੰਭ ਹੋਵੇਗਾ ਤੇ ਐਸ. ਡੀ. ਐਮ. ਕੋਰਟ ਤੱਕ ਮਾਰਚ ਕਰੇਗਾ | ਸਾਥੀ ਪ੍ਰੇਮ ਰੱਕੜ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਏਕਤਾ, ਭਾਈਚਾਰਕ ਸਾਂਝ ਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ | ਅਮਨ ਮਾਰਚ ਦੀ ਤਿਆਰੀ ਲਈ ਗਠਿਤ ਕੀਤੀ ਕਮੇਟੀ ਵਿਚ ਸਾਥੀ ਨੰਨੇ ਖ਼ਾਨ, ਰਾਮੂ, ਸਰਵੇਸ਼, ਸਰਵਣ ਦਾਸ, ਸੁਰੇਸ਼, ਮੁਹੰਮਦ ਅਖ਼ਤਰ, ਬ੍ਰਜੇਸ਼ ਤੇ ਪੰਚਲੋਚਨ ਸਾਹਨੀ ਮੈਂਬਰ ਲਏ ਗਏ | ਮੀਟਿੰਗ ਵਿਚ ਸਰਵ ਸਾਥੀ ਰਾਜ ਕੁਮਾਰ ਕੈਸ਼ੀਅਰ ਸ੍ਰੀਆਂਸ ਪੇਪਰ ਮਿੱਲ ਯੂਨੀਅਨ ਸੀਟੂ, ਓਮ ਪ੍ਰਕਾਸ਼, ਦੀਪੂ, ਰੋਹਿਤ, ਸੁਰਜੀਤ ਸਮੇਤ ਵੱਡੀ ਗਿਣਤੀ ਵਿਚ ਪ੍ਰਵਾਸੀ ਸ਼ਾਮਿਲ ਸਨ |