ਗੁਣਾਚੌਰ, 27 ਸਤੰਬਰ (ਅਮਰੀਕ ਕਟਾਰੀਆ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖਾਨਖਾਨਾ ਵਿਖੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ | ਪਟਕੇ ਦੀ ਕੁਸ਼ਤੀ ਮਿਰਜਾ ਇਰਾਨ ਤੇ ਵੋਹਰਾ ਪਹਿਲਵਾਨ ਵਿਚਕਾਰ ਹੋਈ, ਜਿਸ 'ਚ ਮਿਰਜਾ ਇਰਾਨੀ ਨੇ ਜਿੱਤ ਪ੍ਰਾਪਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ | ਇਸ ਮੌਕੇ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਤੇ ਹਲਕਾ ਇੰਚਾਰਜ ਬੰਗਾ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਕੁਲਜੀਤ ਸਿੰਘ ਸਰਹਾਲ ਨੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ, ਨੌਜਵਾਨਾਂ ਨੂੰ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਖੇਡਾਂ ਸਾਡੀ ਵਿਰਾਸਤ ਦਾ ਹਿੱਸਾ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਸਟੇਡੀਅਮ ਬਣਾਉਣ ਲਈ 5 ਲੱਖ ਰੁਪਏ ਐਮ. ਪੀ. ਫੰਡ ਵਿਚੋਂ ਦੇਣ ਦਾ ਐਲਾਨ ਕੀਤਾ | ਉਨ੍ਹਾਂ ਖਾਨਖਾਨਾ ਤੋਂ ਗਹਿਲ ਮਜਾਰੀ ਸੜਕ ਜਲਦੀ ਬਣਾਉਣ ਦਾ ਐਲਾਨ ਕੀਤਾ | ਕੁਸ਼ਤੀ ਮੇਲੇ ਵਿਚ ਪੰਜਾਬ ਭਰ ਤੋਂ ਪਹਿਲਵਾਨਾਂ ਨੇ ਹਿੱਸਾ ਲਿਆ | ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮਾਂ ਤੋਂ ਬਿਨਾ ਮੋਟਰਸਾਈਕਲ ਵੀ ਇਨਾਮ ਵਜੋਂ ਦਿੱਤੇ ਗਏ | ਇਸ ਮੌਕੇ ਸਤਨਾਮ ਸੰਧੂ ਨੇ ਸਮੂਹ ਖੇਡ ਪ੍ਰੇਮੀਆਂ, ਪਹਿਲਵਾਨਾਂ ਤੇ ਆਏ ਹੋਏ ਮੋਹਤਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਛਿੰਝ ਮੇਲਾ ਇਸੇ ਤਰ੍ਹਾਂ ਹਰ ਸਾਲ ਕਰਵਾਇਆ ਜਾਵੇਗਾ ਤੇ ਹਰ ਸਾਲ ਇਨਾਮਾਂ ਦੀ ਗਿਣਤੀ ਵਧਾਈ ਜਾਵੇਗੀ | ਇਸ ਮੌਕੇ ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਰਵਿੰਦਰ ਸਿੰਘ ਸਰਪੰਚ ਖਾਨਖਾਨਾ, ਮੁੱਖ ਸੇਵਾਦਾਰ ਉਂਕਾਰ ਸਿੰਘ, ਸਤਨਾਮ ਸਿੰਘ ਸੰਧੂ, ਲੈਬਰ ਸਿੰਘ, ਪ੍ਰਦੀਪ ਸਿੰਘ ਪੰਚ, ਸੰਤੋਖ ਸਿੰਘ ਪੰਚ, ਬਲਵੀਰ ਰਾਮ, ਕੁਲਵਿੰਦਰ ਰਾਮ, ਗੋਲਡੀ, ਮਹਿੰਦਰ ਸਿੰਘ, ਪਿਆਰਾ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ |