ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ)-ਪੰਜਾਬ ਦੀ ਨਾਮੀ ਐਨ. ਜੀ. ਓ. ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਕਰਨਾਣਾ ਨੇ ਇਥੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਭਾਰਤ ਸਰਕਾਰ ਤੇ ਚੀਫ ਜਸਟਿਸ ਸੁਪਰੀਮ ਕੋਰਟ ਤੋਂ ਪੁਰਜ਼ੋਰ ਮੰਗ ਕਰਦਿਆਂ ਜਬਰ ਜਨਾਹ ਕਰਨ ਵਾਲਿਆਂ ਨੂੰ ਤੁਰੰਤ ਸਜ਼ਾ ਦੇਣ ਹਿੱਤ ਅਰਬ ਦੇਸ਼ਾਂ ਵਰਗਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦਿੱਲੀ ਨਾਲ ਵੀ ਮੀਟਿੰਗ ਕੀਤੀ ਹੈ | ਐਡਵੋਕੇਟ ਲਲਿਤ ਪ੍ਰਧਾਨ ਨੇ ਇਸ ਸੰਬੰਧੀ ਪੂਰਨ ਭਰੋਸਾ ਦਿਵਾਇਆ ਹੈ ਕਿ ਉਹ ਕਾਨੂੰਨ ਬਣਾਉਣ ਹਿੱਤ ਹਰੇਕ ਯਤਨ ਪੂਰੀ ਤਨਦੇਹੀ ਤੇ ਮਜ਼ਬੂਤੀ ਨਾਲ ਕਰਨਗੇ | ਉਨ੍ਹਾਂ ਕਿਹਾ ਕਿ ਛੋਟੀਆਂ ਬੱਚਿਆਂ ਨਾਲ ਦੁਸ਼ਕਰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ | ਸਜ਼ਾਵਾਂ ਹੋਣ ਦੇ ਬਾਵਜੂਦ ਲੋਕਾਂ ਦੇ ਦਿਲਾਂ 'ਚ ਇਸ ਕੁਕਰਮ ਤੋਂ ਤੌਬਾ ਕਰਨ ਦਾ ਖਿਆਲ ਨਹੀਂ ਆਉਂਦਾ | ਅਜਿਹੇ ਲੋਕਾਂ ਨੂੰ ਅਰਬ ਦੇਸ਼ ਦੇ ਕਾਨੂੰਨ ਜਿਹਾ ਕਾਨੂੰਨ ਹੀ ਸਬਕ ਸਿਖਾ ਸਕਦਾ ਹੈ |