ਔੜ, 23 ਨਵੰਬਰ (ਗੁਰਨਾਮ ਸਿੰਘ ਸੈਣੀ) - ਬਲਾਕ ਬਚਾਓ ਸੰਘਰਸ਼ ਕਮੇਟੀ ਨੇ ਇੱਥੇ ਔੜ ਬਲਾਕ ਦੀ ਮੁੜ-ਬਹਾਲੀ ਲਈ ਕੀਤੇ ਜਾਣ ਵਾਲੇ ਚੱਕਾ ਜਾਮ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ 25 ਨਵੰਬਰ ਨੂੰ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹਾਦਤ ਦਿਵਸ ਸਬੰਧੀ ਧਾਰਮਿਕ ਸਮਾਗਮਾਂ ਦੇ ਹੋਣ ਕਾਰਨ ਚੱਕਾ ਜਾਮ ਹੁਣ 25 ਨਵੰਬਰ ਦੀ ਬਜਾਏ 28 ਨਵੰਬਰ ਨੂੰ ਕੀਤਾ ਜਾਵੇਗਾ ਤਾਂ ਜੋ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਆਵਾਜਾਈ 'ਚ ਕੋਈ ਮੁਸ਼ਕਲ ਨਾ ਆਵੇ | ਮੀਟਿੰਗ ਵਿਚ ਹਾਜ਼ਰ ਨੁਮਾਇੰਦਿਆਂ ਨੇ ਦੱਸਿਆ ਕਿ ਜਾਮ ਨੂੰ ਕਾਮਯਾਬ ਬਣਾਉਣ ਲਈ ਪਿੰਡਾਂ ਵਿੱਚ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ 28 ਨਵੰਬਰ ਨੂੰ ਬਲਾਕ ਦੇ ਸਮੂਹ ਪਿੰਡਾਂ ਵਿੱਚੋਂ ਲੋਕ ਵੱਡੀ ਗਿਣਤੀ 'ਚ ਚੱਕਾ ਜਾਮ ਵਿਚ ਸ਼ਾਮਲ ਹੋ ਕੇ ਸਰਕਾਰ ਦੇ ਤਾਨਾਸ਼ਾਹ ਫ਼ੈਸਲੇ ਵਿਰੁੱਧ ਆਪਣਾ ਵਿਰੋਧ ਦਰਜ ਕਰਾਉਣਗੇ | ਲੋਕਾਂ 'ਚ ਇਸ ਨੂੰ ਲੈ ਕੇ ਸਖ਼ਤ ਰੋਸ ਹੈ ਕਿ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਾਉਣ ਦੇ ਦਾਅਵੇ ਕਰਨ ਸਰਕਾਰ ਪੰਚਾਇਤਾਂ ਦੇ ਬਣੇ-ਬਣਾਏ ਢਾਂਚੇ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ ਅਤੇ ਔੜ ਬਲਾਕ ਦੀਆਂ 74 ਪੰਚਾਇਤਾਂ ਵੱਲੋਂ ਲਿਖਤੀ ਮਤੇ ਪਾ ਕੇ ਤੇ ਬਲਾਕ ਦੇ ਲੋਕਾਂ ਵੱਲੋਂ ਧਰਨੇ-ਪ੍ਰਦਰਸ਼ਨ ਕਰਕੇ ਬਲਾਕ ਨੂੰ ਤੋੜਨ ਦਾ ਵਿਆਪਕ ਪੱਧਰ 'ਤੇ ਵਿਰੋਧ ਕਰਨ, ਡਿਪਟੀ ਕਮਿਸ਼ਨਰ ਐਸ.ਬੀ.ਐੱਸ.ਨਗਰ ਅਤੇ ਪ੍ਰਬੰਧਕੀ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਦੇਣ, ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੂੰ ਮਿਲ ਕੇ ਇਲਾਕੇ ਦੀਆਂ ਭਾਵਨਾਵਾਂ ਤੋਂ ਜਾਣੂ ਕਰਾਉਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਤੋੜਿਆ ਗਿਆ ਬਲਾਕ ਅਜੇ ਤੱਕ ਮੁੜ-ਬਹਾਲ ਨਹੀਂ ਕੀਤਾ ਗਿਆ | ਸਤਾ ਦੇ ਗਰੂਰ 'ਚ ਮਦਹੋਸ਼ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਨੂੰ ਟਿੱਚ ਸਮਝਣ ਦੇ ਮੱਦੇਨਜ਼ਰ ਸੰਘਰਸ਼ ਕਮੇਟੀ ਅਤੇ ਲੋਕਾਂ ਕੋਲ ਸੰਘਰਸ਼ ਨੂੰ ਤਿੱਖਾ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਅਤੇ ਕਮੇਟੀ ਨੇ 28 ਨਵੰਬਰ ਨੂੰ ਔੜ ਵਿਖੇ ਵਿਸ਼ਾਲ ਲੋਕ ਤਾਕਤ ਲਾਮਬੰਦ ਕਰਕੇ ਚੱਕਾ ਜਾਮ ਕਰਨ ਦਾ ਫ਼ੈਸਲਾ ਲਿਆ ਹੈ | ਪਿੰਡਾਂ ਦੇ ਲੋਕਾਂ ਦਾ ਇਹ ਇਕੱਠ ਸੱਤਾਧਾਰੀ ਪਾਰਟੀ ਤੇ ਹੋਰ ਰਾਜਨੀਤਕ ਪਾਰਟੀਆਂ ਲਈ ਚੇਤਾਵਨੀ ਵੀ ਹੋਵੇਗਾ ਕਿ ਜੇ ਉਹ ਇਲਾਕੇ ਦੇ ਲੋਕਾਂ ਦੇ ਹਿੱਤਾਂ ਵਿਰੁੱਧ ਲਏ ਇਸ ਫ਼ੈਸਲੇ ਵਿਰੁੱਧ ਲੋਕਾਂ ਦੇ ਸੰਘਰਸ਼ ਦਾ ਸਾਥ ਨਹੀਂ ਦਿੰਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ | ਕਮੇਟੀ ਨੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਉੱਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੋਟਰਾਂ ਨੂੰ ਟਿੱਚ ਸਮਝਣ ਵਾਲੀ ਸਰਕਾਰ ਨੂੰ ਬਲਾਕ ਨੂੰ ਤੋੜਨ ਦਾ ਤਾਨਾਸ਼ਾਹ ਫ਼ੁਰਮਾਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ | ਸੰਘਰਸ਼ ਓਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਪੰਚਾਇਤਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਬਲਾਕ ਨੂੰ ਤੋੜਨ ਦਾ ਫ਼ੈਸਲਾ ਰੱਦ ਨਹੀਂ ਕੀਤਾ ਜਾਂਦਾ ਅਤੇ ਬਲਾਕ ਨੂੰ ਮੁੜ ਬਹਾਲ ਨਹੀਂ ਕੀਤਾ ਜਾਂਦਾ | ਮੀਟਿੰਗ ਵਿੱਚ ਕਮਲਜੀਤ ਕੰਵਰ ਗੜ੍ਹੀ, ਰਾਜ ਕੁਮਾਰ ਮਾਹਲ ਖ਼ੁਰਦ, ਰਾਮ ਜੀ ਦਾਸ ਖੜਕੂਵਾਲ, ਰੂਪ ਲਾਲ ਧੀਰ, ਸਰਪੰਚ ਨਿੰਦਰਪਾਲ ਮਾਈਦਿੱਤਾ, ਸਰਪੰਚ ਕਮਲਜੀਤ ਔੜ, ਸਰਪੰਚ ਮਨਜੀਤ ਸਿੰਘ ਅੜਕ ਚਾਹਲ ਖ਼ੁਰਦ, ਭੁਪਿੰਦਰ ਸਿੰਘ ਗਿੱਲ, ਸਾਜਨ ਔੜ, ਕਿ੍ਸ਼ਨ ਲਾਲ ਬੇਗੋਵਾਲ, ਬੂਟਾ ਸਿੰਘ ਮਹਿਮੂਦਪੁਰ ਅਤੇ ਬਚਿਤਰ ਸਿੰਘ ਮਹਿਮੂਦਪੁਰ ਹਾਜ਼ਰ ਸਨ |