ਨਵਾਂਸ਼ਹਿਰ, 23 ਨਵੰਬਰ (ਦੀਦਾਰ ਸਿੰਘ ਸ਼ੇਤਰਾ) - ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦਰਵਾੜਾ ਦੀ ਸ਼ੁਰੂਆਤ ਕੀਤੀ ਗਈ | ਉਹਨਾਂ ਇਸ ਸਬੰਧੀ ਸਿਵਲ ਸਰਜਨ ਦਫ਼ਤਰ ਵਿਖੇ ਸਮੂਹ ਆਸ਼ਾ ਫੈਸੀਲੀਟੇਟਰਜ਼ ਨਾਲ ਮੀਟਿੰਗ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸੁਰੱਖਿਅਤ ਨਸਬੰਦੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਫੈਲਾਉਣਾ ਅਤੇ ਯੋਗ ਜੋੜਿਆਂ ਨੂੰ ਸਿਹਤਮੰਦ ਪਰਿਵਾਰ ਯੋਜਨਾ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ | ਡਾ. ਸਿੰਘ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਕੰਟਰੋਲ ਦਾ ਹੀ ਸਾਧਨ ਨਹੀਂ, ਬਲਕਿ ਮਾਂ-ਬੱਚੇ ਦੀ ਸਿਹਤ, ਪਰਿਵਾਰ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ | ਚਾਹੇ ਔਰਤਾਂ ਲਈ ਟਿਊਵੈਕਟੋਮੀ ਹੋਵੇ ਜਾਂ ਪੁਰਸ਼ਾਂ ਲਈ ਵਸੈਕਟੋਮੀ ਇਕ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਇਕ-ਵਾਰ ਕੀਤਾ ਜਾਣ ਵਾਲਾ ਪਰਿਵਾਰ ਨਿਯੋਜਨ ਢੰਗ ਹੈ, ਜੋ ਹਮੇਸ਼ਾ ਲਈ ਭਰੋਸੇਮੰਦ ਸੁਰੱਖਿਆ ਪ੍ਰਦਾਨ ਕਰਦਾ ਹੈ | ਉਨ੍ਹਾਂ ਸਮੂਹ ਆਸ਼ਾ ਫੈਸੀਲੀਟੇਟਰਜ਼ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰ ਜੋੜੇ ਨੂੰ ਆਪਣੀ ਸੁਵਿਧਾ, ਸਿਹਤ ਸਥਿਤੀ ਅਤੇ ਪਰਿਵਾਰਕ ਯੋਜਨਾ ਦੇ ਅਨੁਸਾਰ ਸਭ ਤੋਂ ਉਚਿਤ ਢੰਗ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਜਾਵੇ | ਇਸ ਮੌਕੋ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਨਸਬੰਦੀ ਪੰਦਰਵਾੜਾ ਦੌਰਾਨ ਪੁਰਸ਼ ਨਸਬੰਦੀ (ਵਸੈਕਟੋਮੀ) ਨੂੰ ਵਿਸ਼ੇਸ਼ ਤੌਰ 'ਤੇ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਇਕ ਆਸਾਨ, ਤੇਜ਼ ਤੇ ਬਿਨਾ ਟਾਂਕੇ ਦੀ ਪ੍ਰਕਿਰਿਆ ਹੈ ਜੋ ਮਹਿਲਾਵਾਂ ਦੀ ਜ਼ਿੰਮੇਵਾਰੀ ਨੂੰ ਘਟਾਉਂਦੀ ਹੈ |