ਬੰਗਾ, 6 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਹਾਲ ਹੀ ਵਿੱਚ ਕੇਂਦਰ ਵਲੋਂ ਲਏ ਗਏ ਫੈਸਲਿਆਂ ਦਾ ਜੇ ਕਿਸੇ ਨੇ ਡੱਟ ਕੇ ਵਿਰੋਧ ਕੀਤਾ ਹੈ ਤਾਂ ਉਹ ਹਨ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਸੰਪਾਦਕ ਸਵ: ਡਾ: ਸਾਧੂ ਸਿੰਘ ਹਮਦਰਦ ਜੀ ਦੇ ਹੋਣਹਾਰ ਸਪੁੱਤਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਅਤੇ ਪੰਜਾਬ ਦੀ ਅਵਾਜ਼ ਸ: ਬਰਜਿੰਦਰ ਸਿੰਘ ਹਮਦਰਦ | ਇਹਨਾਂ ਸ਼ਬਦਾ ਦਾ ਪ੍ਰਗਟਾਵਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਖਸ਼ੀਅਤ ਇੰਸੋਰੈਂਸ ਪੁਆਇੰਟ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਸ: ਬਲਬੀਰ ਸਿੰਘ ਝਿੱਕਾ ਨੇ ਇੱਥੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕੀਤਾ | ਪੰਜਾਬ ਯੂਨੀਵਰਸਿਟੀ ਅਤੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅਜੀਤ ਪ੍ਰਕਾਸ਼ਨ ਸਮੂਹ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ | ਪੰਜਾਬ ਯੂਨੀਵਰਸਿਟੀ ਨਾਲ ਪੰਜਾਬ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਕਰਕੇ ਇਹਨਾਂ ਫੈਸਲਿਆਂ ਦਾ ਵਿਰੋਧ ਕਰਨਾ ਬਹੁਤ ਜਰੂਰੀ ਸੀ | ਪਿਛਲੇ ਸਮਿਆਂ ਵਿੱਚ ਵੀ ਜਦੋਂ ਕਦੇ ਮਾਂ ਬੋਲੀ ਪੰਜਾਬੀ ਦੀ ਹੋਂਦ ਨੂੰ ਖ਼ਤਰਾ ਬਣਿਆ ਹੈ ਤਾਂ ਅਜੀਤ ਪ੍ਰਕਾਸ਼ਨ ਸਮੂਹ ਹੀ ਸਭ ਤੋਂ ਮੂਹਰੇ ਹੋ ਕੇ ਪੰਜਾਬ ਨਾਲ ਖੜਿ੍ਹਆ ਹੈ | ਸ: ਝਿੱਕਾ ਨੇ ਭਾਵੁਕ ਹੁੰਦਿਆਂ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਕਿ ਕੇਂਦਰ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਵਿਰੁੱਧ ਲਏ ਗਏ ਫੈਸਲਿਆਂ ਨੂੰ ਵਾਪਸ ਲਿਆ ਹੈ | ਸ: ਝਿੱਕਾ ਨੇ ਅਜੀਤ ਲਈ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਦੀ ਕਾਮਨਾ ਕੀਤੀ | ਇਸ ਮੌਕੇ ਸ: ਝਿੱਕਾ ਨਾਲ ਪੰਜਾਬ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਸ: ਗੁਰਪ੍ਰੀਤ ਸਿੰਘ ਪਾਬਲਾ, ਲੈਕ. ਅੰਮਿ੍ਤਪਾਲ ਸਿੰਘ ਬਾਬਾ, ਕਥਾਵਾਚਕ ਭਾਈ ਪਲਵਿੰਦਰ ਸਿੰਘ, ਉੱਘੇ ਕੀਰਤਨੀਏ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਅਸ਼ੋਕ ਸਿੰਘ, ਲੇਖਕ ਬੌਬੀ ਰੱਲ੍ਹ ਲਧਾਣਾ ਉੱਚਾ ਆਦਿ ਹਾਜ਼ਰ ਸਨ |