ਨਵਾਂਸ਼ਹਿਰ, 7 ਦਸੰਬਰ (ਜਸਬੀਰ ਸਿੰਘ ਨੂਰਪੁਰ) - ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ | ਸਭ ਤੋਂ ਪਹਿਲਾਂ ਸਮੂਹ ਸਟਾਫ਼ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ 'ਤੇ ਚਮਨ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ 'ਤੇ ਚਾਨਣਾ ਪਾਇਆ | ਡਾ. ਅੰਬੇਡਕਰ ਨੇ ਸਿੱਖਿਆ ਫੈਲਾਉਣ, ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸੰਘਰਸ਼ ਕੀਤਾ | ਆਧੁਨਿਕ ਭਾਰਤ ਦੇ ਨਿਰਮਾਣ 'ਚ ਡਾ. ਬੀ.ਆਰ. ਅੰਬੇਡਕਰ ਦਾ ਯੋਗਦਾਨ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵਜੋਂ ਉਨ੍ਹਾਂ ਦੀ ਭੂਮਿਕਾ ਤੋਂ ਕਿਤੇ ਵੱਧ ਹੈ | ਉਨ੍ਹਾਂ ਦੱਸਿਆ ਕਿ ਜੇਕਰ ਅਸੀ ਉਨ੍ਹਾਂ ਦੀ ਸੋਚ 'ਤੇ ਚਲਾਂਗੇ ਤਾਂ ਪੂਰਨ ਤੌਰ 'ਤੇ ਸਾਡਾ ਦੇਸ਼ ਖੁਸ਼ਹਾਲ ਤੇ ਵਿਕਸਿਤ ਹੋਵੇਗਾ | ਬਾਬਾ ਸਾਹਿਬ ਪਹਿਲੇ ਕਾਨੂੰਨ ਮੰਤਰੀ ਵੀ ਬਣੇ | ਅੰਤ 'ਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ 'ਤੇ ਚਲਣਾ ਚਾਹੀਦਾ ਹੈ ਤਾਂ ਹੀ ਸਾਡੇ ਦੇਸ਼ ਦਾ ਲੋਕਤੰਤਰ ਕਾਇਮ ਰਹਿ ਸਕਦਾ ਹੈ ਅਤੇ ਅਸੀ ਤਰੱਕੀ ਕਰ ਸਕਦੇ ਹਾਂ | ਇਸ ਮੌਕੇ 'ਤੇ ਸ੍ਰੀਮਤੀ ਜਸਵਿੰਦਰ ਕੌਰ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਪਰਵੀਨ ਕੁਮਾਰੀ, ਮਨਜੋਤ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜ਼ਰ ਸਨ |