ਨਵਾਂਸ਼ਹਿਰ, 20 ਦਸੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ) - ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਵੱਲੋਂ ਕੋਠੀ ਵਿੱਚ ਇੱਕ ਵਿਸ਼ਾਲ ਇਕੱਠ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਸਮੂਹ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਦੁਨੀਆ 'ਤੇ ਇਸ ਤੋਂ ਵੱਡੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਹੈ | ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਕਾਂਗਰਸ ਪਾਰਟੀ ਦੇ ਅਜੇ ਮੰਗੂਪੁਰ ਨੇ ਵੀ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਅਤੇ ਬਲਾਕ ਮੈਂਬਰਾਂ ਨੂੰ ਜੀ ਆਇਆ ਆਖਿਆ ਅਤੇ ਵਧਾਈ ਦਿੱਤੀ | ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚੋਂ ਇੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੱਧ ਉਮੀਦਵਾਰ ਜੇਤੂ ਰਹੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਪਿਛਲੇ ਚਾਰ ਸਾਲਾਂ ਤੋਂ ਜੋ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਸਨ | ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ ਅਤੇ ਵਿੱਤ ਕਮਿਸ਼ਨ ਵੱਲੋਂ ਜੋ ਪੈਸਾ ਜਾਰੀ ਹੁੰਦਾ ਹੈ | ਉਸ ਨੂੰ ਲੋਕਾਂ ਦੀ ਸਲਾਹ ਨਾਲ ਚੰਗੇ ਪਾਸੇ ਲਾਇਆ ਜਾਵੇਗਾ | ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿੱਚ ਸਭ ਤੋਂ ਵੱਧ ਪੰਚਾਇਤਾਂ ਕਾਂਗਰਸ ਪਾਰਟੀ ਦੀਆਂ ਹਨ | ਉਹਨਾਂ ਕਿਹਾ ਕਿ 2027 ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤ ਸਰਕਾਰ ਬਣੇਗੀ ਅਤੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਂਦੇ ਜਾਣਗੇ | ਇਸ ਮੌਕੇ ਅਜੀਤ ਸਿੰਘ ਸੋਇਤਾ, ਜੋਗਿੰਦਰ ਸਿੰਘ ਛੋਕਰ, ਕੇਵਲ ਸਿੰਘ ਖਟਕੜ, ਰੋਮੀ ਖੋਸਲਾ, ਹਰਵਿੰਦਰ ਸਿੰਘ ਸੋਨਾ, ਮਨਜੀਤ ਕੌਰ ਜਾਡਲਾ ਸਾਬਕਾ ਸਰਪੰਚ, ਰਜਿੰਦਰ ਸਿੰਘ, ਹਰਪਾਲ ਸਿੰਘ ਉਸਮਾਨਪੁਰ, ਜੋਗਿੰਦਰ ਸਿੰਘ ਬਗੋਰਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ |