ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 20 ਦਸੰਬਰ (ਨਵਾਂਗਰਾਈਾ, ਨਾਨੋਵਾਲੀਆ) - ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪ੍ਰੰਪਰਾ ਦੇ ਦੂਜੇ ਗੁਰੂਗੱਦੀ ਨਸ਼ੀਨ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ 137ਵੇਂ ਅਵਤਾਰ ਦਿਵਸ ਸਬੰਧੀ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਤਿੰਨ ਦਿਨਾ ਸੰਤ ਸਮਾਗਮ ਗੁਰੂਗੱਦੀ ਦੇ ਵਰਤਮਾਨ ਗੁਰੂਗੱਦੀ ਨਸ਼ੀਨ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਪ੍ਰਾਰੰਭ ਹੋਇਆ | ਇਸ ਮੌਕੇ 'ਤੇ ਛੁਡਾਣੀ ਧਾਮ ਦੇ ਮੁੱਖ ਪੀਠਾਧੀਸ਼ਵਰ ਦਯਾਸਾਗਰ, ਵੇਦਾਂਤ ਅਚਾਰਿਆ ਸਵਾਮੀ, ਚੇਤਨਾ ਨੰਦ, ਭੂਰੀਵਾਲਿਆਂ ਨੇ ਸੰਤ ਮੰਡਲੀ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਉਪਰੰਤ ਅਚਾਰੀਆ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਕੀਤੇ | ਇਸ ਮੌਕੇ ਮਹੰਤ ਦਯਾਸਾਗਰ ਨੇ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਵਰਤਮਾਨ ਗੁਰਗੱਦੀ ਨਸ਼ੀ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੁਆਰਾ ਗੁਰੂਆਂ ਦੇ ਦਿੱਤੇ ਹੋਏ ਮਾਰਗ 'ਤੇ ਚੱਲ ਕੇ ਜਿੱਥੇ ਧਰਮ ਦੇ ਸਤੰਭ ਖੜੇ੍ਹ ਕਰ ਰਹੇ ਹਨ ਨਾਲ ਹੀ ਨਾਮ ਬਾਣੀ ਦੇ ਪ੍ਰਚਾਰ ਨਾਲ ਧਾਰਮਿਕ ਚੇਤਨਤਾ ਪੈਦਾ ਕਰਕੇ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਦੀ ਬੰਦਗੀ ਵੱਲ ਜੋੜ ਕੇ ਅਣਮੁੱਲਾ ਕਾਰਜ ਕਰ ਰਹੇ ਹਨ | ਇਸ ਮੌਕੇ 'ਤੇ ਗੁਰੂਗੱਦੀ ਪ੍ਰੰਪਰਾ ਦਾ ਸਾਲ 2026 ਦਾ ਕੈਲੰਡਰ ਮਹੰਤ ਦਯਾਸਾਗਰ, ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਅਤੇ ਸਮੁੱਚੀ ਸੰਤ ਮੰਡਲੀ ਵੱਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ ਆਈ.ਪੀ.ਐਸ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਂਦਿਆਂ ਕਿਹਾ ਕਿ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਸਮਾਜ ਵਿੱਚ ਧਾਰਮਿਕ ਪ੍ਰਵਿਰਤੀ ਰਾਹੀਂ ਉਨਤੀ ਅਤੇ ਵਿਕਾਸ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨ | ਇਸ ਮੌਕੇ 'ਤੇ ਬਲਾਚੌਰ ਦੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਵੀ ਹਾਜ਼ਰੀ ਲਗਾਈ | ਇਸ ਮੌਕੇ 'ਤੇ ਸੰਤ ਮਹਾਂਪੁਰਸ਼ਾਂ ਵਿੱਚ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ, ਸਵਾਮੀ ਡਾ. ਤਿ੍ਪੁਰਾਰੀ ਦਾਸ, ਸਵਾਮੀ ਨਿੱਤਿਆਨੰਦ, ਸਵਾਮੀ ਕਿ੍ਸ਼ਨ ਸਰੂਪ ਹਰੀਦੁਆਰ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀਮਕਿ੍ਸ਼ਨਾ ਨੰਦ, ਸਵਾਮੀ ਦਰਵੇਸ਼ਾ ਨੰਦ ਹਾਜਰ ਸਨ | ਇਸ ਸਮਾਗਮ ਦੇ ਦੂਸਰੇ ਦਿਨ 21 ਨੂੰ ਵਿਸ਼ਾਲ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ | ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਲੋੜਵੰਦਾਂ ਦੀ ਜਾਂਚ ਕਰੇਗੀ ਅਤੇ ਟਰੱਸਟ ਵੱਲੋਂ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ |