ਕਾਠਗੜ੍ਹ, 21 ਦਸੰਬਰ (ਹਰਸਿਮਰਨਜੋਤ ਸਿੰਘ ਕਲੇਰ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਕਾਠਗੜ੍ਹ ਪੁਲਿਸ ਵੱਲੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 29 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਏ.ਐਸ.ਆਈ ਪ੍ਰੇਮ ਲਾਲ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦੇ ਹੋਏ ਜਦੋਂ ਸ਼ਮਸ਼ਾਨਘਾਟ ਆਸਰੋਂ ਕੋਲ ਪੁੱਜੇ ਤਾਂ ਸ਼ਮਸ਼ਾਨਘਾਟ ਦੇ ਗੇਟ ਦੇ ਬਾਹਰ ਦੋ ਨੌਜਵਾਨ ਖੜੇ ਸਨ ਅਤੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਪਹਿਲਾਂ ਇੱਕ ਨੌਜਵਾਨ ਨੇ ਆਪਣੀ ਪਹਿਨੀ ਹੋਈ ਜੈਕੇਟ ਵਿਚੋਂ ਇੱਕ ਲਿਫ਼ਾਫ਼ਾ ਕੱਢ ਕੇ ਹੇਠਾਂ ਸੁੱਟਿਆ, ਜਦ ਕਿ ਉਸ ਦੇ ਨਾਲ ਖੜੇ ਦੂਜੇ ਨੌਜਵਾਨ ਨੇ ਵੀ ਪਹਿਨੀ ਹੋਈ ਆਪਣੀ ਲੋਅਰ ਵਿਚੋਂ ਲਿਫ਼ਾਫ਼ਾ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਇਸ ਦੇ ਨਾਲ ਹੀ ਦੋਵੇਂ ਤੇਜ਼ੀ ਨਾਲ ਉੱਥੋਂ ਖਿਸਕਣ ਲੱਗੇ ਪਰੰਤੂ ਪੁਲਿਸ ਪਾਰਟੀ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁੱਛਣ ਤੇ ਇੱਕ ਨੌਜਵਾਨ ਨੇ ਆਪਣਾ ਨਾਂ ਸੇਫ਼ ਖ਼ਾਨ ਪੁੱਤਰ ਅਫਾਕ ਖ਼ਾਨ ਤੇ ਦੂਜੇ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਦੋਵੇਂ ਵਾਸੀ ਪ੍ਰੇਮ ਨਗਰ ਥਾਣਾ ਕਾਠਗੜ੍ਹ ਦੱਸਿਆ | ਜਦੋਂ ਇਹਨਾਂ ਦੁਆਰਾ ਸੁੱਟੇ ਗਏ ਲਿਫ਼ਾਫ਼ਿਆਂ ਨੂੰ ਚੈੱਕ ਕੀਤਾ ਤਾਂ ਇੱਕ ਲਿਫ਼ਾਫ਼ੇ ਵਿਚੋਂ 15 ਅਤੇ ਦੂਜੇ ਲਿਫ਼ਾਫ਼ੇ ਵਿਚੋਂ 14 ਕੁੱਲ 29 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਪੁਲਿਸ ਨੇ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |