ਬਲਾਚੌਰ, 21 ਦਸੰਬਰ (ਨਰੇਸ਼ ਧੌਲ)-ਪਿੰਡ ਖ਼ੋਜਾ ਬੇਟ ਵਿਖੇ ਪਿੰਡ ਦੇ ਸਰਪੰਚ ਸਰਦਾਰ ਸੰਤੋਖ ਸਿੰਘ ਸ਼ਿਵਾਲਿਕ ਅਤੇ ਸਮੂਹ ਪੰਚਾਇਤ ਮੈਂਬਰਾਂ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਵਿੱਚ ਰੌਸ਼ਨੀ ਲਿਆਉਣ ਦੇ ਮਕਸਦ ਹਿੱਤ ਸੋਲਰ ਲਾਈਟਾਂ ਲਗਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਸਰਪੰਚ ਸੰਤੋਖ ਸਿੰਘ ਸ਼ਿਵਾਲਿਕ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਵਿੱਚ ਲਾਈਟਾਂ ਨਾ ਹੋਣ ਕਰਕੇ ਰਾਤ ਸਮੇਂ ਹਨੇਰਾ ਰਹਿੰਦਾ ਸੀ ਜਿਸ ਕਾਰਨ ਸਮੁੱਚੇ ਪਿੰਡ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਪਿੰਡ ਵਾਸੀਆਂ ਦੀ ਲੰਬੇ ਚਿਰ ਤੋਂ ਇਹ ਮੰਗ ਸੀ ਕਿ ਗਲੀਆਂ ਵਿੱਚ ਸਟਰੀਟ ਲਾਈਟਾਂ ਲਗਾਈਆਂ ਜਾਣ | ਇਸ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੋਲਰ ਲਾਈਟਾਂ ਲਗਾਉਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਹ ਸੋਲਰ ਲਾਈਟਾਂ ਪੇਡਾ ਵੱਲੋਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ | ਇਸ ਮੌਕੇ ਸੱਤਪਾਲ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਰਤਨ ਸਿੰਘ, ਲਛਮਣ ਸਿੰਘ, ਸਰਬਜੀਤ ਸਾਬੀ, ਗੁਰਮੇਲ ਸਿੰਘ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |