ਨਵਾਂਸ਼ਹਿਰ, 23 ਦਸੰਬਰ (ਜਸਬੀਰ ਸਿੰਘ ਨੂਰਪੁਰ, ਹਰਸਿਮਰਨ ਜੋਤ ਸਿੰਘ ਕਲੇਰ)-ਖੇਡ ਜਗਤ ਅਤੇ ਇਲਾਕਾ ਬਲਾਚੌਰ ਲਈ ਇੱਕ ਹੋਰ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਮਹਿੰਦੀਪੁਰ ਰੋਡ ਬਲਾਚੌਰ ਵਿਖੇ ਸਥਿਤ 'ਬੁੱਲਸ ਜਿੰਮ' ਦੇ ਮਾਲਕ ਅਤੇ ਹੋਣਹਾਰ ਅਥਲੀਟ ਸੁਖਵੀਰ ਸਿੰਘ, ਜਿਨ੍ਹਾਂ ਦੀ ਬੀਤੇ ਦਿਨੀਂ ਲੁਧਿਆਣਾ ਵਿਖੇ ਇੱਕ ਪਾਵਰ ਲਿਫ਼ਟਿੰਗ ਮੁਕਾਬਲੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਲੀਡਰ, ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਹੋਏ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਲੁਧਿਆਣਾ ਵਿਖੇ ਪਾਵਰ ਲਿਫ਼ਟਿੰਗ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਗਏ ਸਨ | ਮੁਕਾਬਲੇ ਦੌਰਾਨ ਉਨ੍ਹਾਂ ਨੂੰ ਅਚਾਨਕ ਜ਼ੋਰਦਾਰ ਦਿਲ ਦਾ ਦੌਰਾ ਪਿਆ, ਜੋ ਇੰਨਾ ਘਾਤਕ ਸੀ ਕਿ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਛੋਟੀ ਉਮਰ ਵਿੱਚ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ |