ਪਟਿਆਲਾ, 2 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਰਾਜਵੰਤ ਕੌਰ ਪੰਜਾਬੀ ਨੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਐੱਮ.ਏ. (ਪੰਜਾਬੀ ਅਤੇ ਧਰਮ ਅਧਿਐਨ) ਅਤੇ ਪੀ-ਐੱਚ.ਡੀ. ਆਦਿ ਉਚ ਅਕਾਦਮਿਕ ਡਿਗਰੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਵਿਚ ਤਾਲੀਮ ਪ੍ਰਾਪਤ ਕਰਨ ਉਪਰੰਤ ਪਹਿਲਾਂ ਯੂਨੀਵਰਸਿਟੀ ਵਿੱਚ ਸਥਿਤ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਉਚਤਮ ਕੇਂਦਰ ਵਿਖੇ ਬਤੌਰ ਲੈਕਚਰਾਰ ਸੇਵਾਵਾਂ ਨਿਭਾਈਆਂ ਤੇ ਸਾਲ 2011 ਦੌਰਾਨ ਪੰਜਾਬੀ ਵਿਭਾਗ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਹਾਜ਼ਰ ਹੋਏ ਸਨ | ਅੱਜ ਆਪਣਾ ਚਾਰਜ ਸੰਭਾਲਣ ਉਪਰੰਤ ਡਾ. ਪੰਜਾਬੀ ਨੇ ਵਾਹਿਗੁਰੂ ਦੇ ਸ਼ੁਕਰਾਨੇ ਦੇ ਨਾਲ-ਨਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਉਸ ਵਿਭਾਗ ਦੇ ਮੁਖੀ ਵਜੋਂ ਚਾਰਜ ਸੰਭਾਲਣਾ ਬੜੇ ਫ਼ਖ਼ਰ ਵਾਲੀ ਗੱਲ ਹੈ ਜਿਸ ਦੀ ਵਾਗਡੋਰ ਵੱਡੇ ਅਤੇ ਸਥਾਪਿਤ ਵਿਦਵਾਨ ਅਧਿਆਪਕਾਂ ਦੇ ਹੱਥ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਆਪਣੇ ਵਿਭਾਗ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਨੂੰ ਉਸਾਰੂ ਖੋਜਾਤਮਕ ਕਾਰਜਾਂ,ਨਵੀਆਂ ਅਧਿਐਨ ਅਤੇ ਅਧਿਆਪਨ ਵਿਧੀਆਂ ਅਤੇ ਠੋਸ ਕਿਸਮ ਦੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਦੇ ਮਾਧਿਅਮ ਦੁਆਰਾ ਸਿਖ਼ਰਾਂ ਉੱਤੇ ਲਿਜਾਣ ਦੀ ਪੁਰਜ਼ੋਰ ਕੋਸ਼ਿਸ਼ ਰਹੇਗੀ | ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ,ਯੋਜਨਾ ਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਡਾ. ਪੁਸ਼ਪਿੰਦਰ ਕੌਰ, ਮੁੱਖ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ, ਸਾਬਕਾ ਮੁਖੀ ਡਾ. ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜਰ ਰਹੇ |ਪਦਮਸ਼੍ਰੀ ਜਗਜੀਤ ਸਿੰਘ ਦਰਦੀ ਅਤੇ ਪਦਮਸ਼੍ਰੀ ਪ੍ਰਾਣ ਸੱਭਰਵਾਲ ਤੋਂ ਇਲਾਵਾ ਯੂਨੀਵਰਸਿਟੀ ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜਿੱਥੋਂ ਦੇ ਡਾ. ਪੰਜਾਬੀ ਵਿਦਿਆਰਥਣ ਰਹੇ ਹਨ) ਵੱਲੋਂ ਪਿ੍ੰਸੀਪਲ ਸਤਵੀਰ ਸਿੰਘ ਅਤੇ ਅਧਿਆਪਕਾਂ ਨੇ ਡਾ. ਪੰਜਾਬੀ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ |