ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜਨਰਲ ਸਕੱਤਰਾਂ ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਅੰਮਿ੍ਤਪਾਲ ਸਿੰਘ ਛੰਦੜਾ, ਡਾ. ਹਰਜਿੰਦਰ ਸਿੰਘ ਜੱਖੂ ਤੇ ਕੁਸਲਪਾਲ ਸਿੰਘ ਮਾਨ ਨੇ ਸਾਂਝੇ ਤੌਰ 'ਤੇ ਦਮਦਮੀ ਟਕਸਾਲ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਰਗੀ ਸ਼ਖ਼ਸੀਅਤ 'ਤੇ ਲਗਾਏ ਨਿਰਆਧਾਰ ਦੋਸ਼ਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਖ਼ਾਲਿਸਤਾਨੀ ਸੋਚ ਦੀ ਬਦੌਲਤ ਹੀ ਸਿਮਰਨਜੀਤ ਸਿੰਘ ਮਾਨ ਨੂੰ ਸਿੱਖ ਤੇ ਪੰਜਾਬ ਵਿਰੋਧੀ ਹੁਕਮਰਾਨਾਂ ਦੀਆਂ ਕਾਲ-ਕੋਠੜੀਆਂ ਵਿਚ ਲੰਮਾਂ ਸਮਾਂ ਅਸਹਿ ਤੇ ਅਕਹਿ ਤਸੀਹੇ ਝੱਲਣੇ ਪਏ | ਜਦ ਕਿ ਸ. ਹਰਨਾਮ ਸਿੰਘ ਧੂੰਮਾ ਨੇ ਕੇਵਲ ਖ਼ੁਦ ਹੀ ਨਹੀਂ ਬਲਕਿ ਬੀਤੇ ਸਮੇਂ 'ਚ 'ਸੰਤ ਸਮਾਜ' ਦੇ ਨਾਂਅ ਦੀ ਦੁਰਵਰਤੋਂ ਕਰਕੇ ਕਿਵੇਂ ਬਾਦਲਾਂ ਤੇ ਪੰਥ ਤੇ ਪੰਜਾਬ ਵਿਰੋਧੀ ਕਾਰਵਾਈਆਂ 'ਚ ਮਦਦ ਕਰਦੇ ਰਹੇ ਹਨ ਉਹ ਵੀ ਸਭ ਸੰਗਤ ਦੇ ਸਾਹਮਣੇ ਹੈ | ਆਗੂਆਂ ਨੇ ਕਿਹਾ ਕਿ ਅਸੀਂ ਕਿਸੇ ਵੀ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਜਾਂ ਭਰਾਮਾਰੂ ਜੰਗ ਕਰਵਾਉਣ ਵਾਲੀਆਂ ਕਾਰਵਾਈਆਂ ਨੂੰ ਕਦੀ ਪ੍ਰਵਾਨ ਨਹੀਂ ਕੀਤਾ ਤੇ ਨਾ ਹੀ ਕਰਾਂਗੇ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਨੇ ਕਦੀ ਪਿੱਠ ਨਹੀਂ ਦਿੱਤੀ ਤੇ ਨਾ ਹੀ ਉਸ ਦੇ ਸਿਧਾਂਤਾਂ ਤੋਂ ਕਦੇ ਮੁਨਕਰ ਹੋਏ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) 6 ਜੂਨ ਨੂੰ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਸ਼ਾਮਿਲ ਹੋਵੇਗਾ ਤੇ ਆਪਣੇ ਕੌਮੀ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਵੀ ਪਾਵੇਗਾ |