ਅਮਲੋਹ, 5 ਸਤੰਬਰ (ਕੇਵਲ ਸਿੰਘ)-ਨਵੀਂ ਦਿੱਲੀ ਦੇ ਛਤਰਪੁਰ ਸਥਿਤ ਫੇਅਰਲੀ ਰਿਜ਼ੋਰਟ ਵਿਚ ਕਰਵਾਏ ਗਏ ਵੀ.ਜੀ. ਵਿਜ਼ਨਾਰਾ ਗਲੋਬਲ ਸੁੰਦਰਤਾ ਮੁਕਾਬਲੇ (ਮਿਸਿਜ਼ ਇੰਡੀਆ ਐਮਪਰੈਸ-ਸੀਜ਼ਨ-6) ਵਿਚ ਹਲਕਾ ਅਮਲੋਹ ਦੇ ਪਿੰਡ ਮਛਰਾਏ ਖੁਰਦ ਦੀ ਸੰਦੀਪ ਬਾਜਵਾ ਨੇ 'ਮਿਸਿਜ਼ ਪੰਜਾਬ ਐਮਪਰੈਸ 2025' ਦਾ ਖ਼ਿਤਾਬ ਜਿੱਤ ਕੇ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼ ਪੱਧਰ 'ਤੇ ਵੀ ਇਤਿਹਾਸ ਰਚਿਆ ਹੈ | ਇਹ ਖ਼ਿਤਾਬ ਜਿੱਤਣ 'ਤੇ ਉਨ੍ਹਾਂ ਦੇ ਨਜ਼ਦੀਕੀਆਂ ਵਲੋਂ ਵਧਾਈ ਦਿੱਤੀ ਗਈ | ਇਸ ਮੁਕਾਬਲੇ ਵਿਚ ਦੇਸ਼ ਦੇ 22 ਰਾਜਾਂ ਤੋਂ ਲਗਭਗ 700 ਹਿੱਸੇਦਾਰਾਂ ਨੇ ਭਾਗ ਲਿਆ ਸੀ | ਇਨ੍ਹਾਂ ਵਿਚੋਂ ਸਿਰਫ਼ 56 ਉਮੀਦਵਾਰਾਂ ਨੂੰ ਫਾਈਨਲ ਲਈ ਚੁਣਿਆ ਗਿਆ | ਗ੍ਰੈਂਡ ਫਾਈਨਲ ਦੌਰਾਨ ਸੰਦੀਪ ਬਾਜਵਾ ਨੇ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਨਾਲ ਇਹ ਖ਼ਿਤਾਬ ਜਿੱਤ ਕੇ ਸਾਰੇ ਪੰਜਾਬ ਲਈ ਮਾਣ ਦਾ ਪਲ ਬਣਾਇਆ | ਪਿੰਡ ਮਛਰਾਏ ਖ਼ੁਰਦ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਸੰਦੀਪ ਬਾਜਵਾ ਦੋ ਸਾਲ ਦੀ ਬੇਟੀ ਦਿਲਨਾਜ ਕੌਰ ਬਾਜਵਾ ਦੀ ਮਾਂ ਅਤੇ ਹਰਿੰਦਰ ਸਿੰਘ ਦੀ ਪਤਨੀ ਹੈ | ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਪੰਖ ਦੇ ਕੇ, ਉਨ੍ਹਾਂ ਨੇ ਇਸ ਸਫਲਤਾ ਨਾਲ ਹਰ ਔਰਤ ਲਈ ਪ੍ਰੇਰਨਾ ਦਾ ਸਰੋਤ ਬਣਨ ਦੀ ਮਿਸਾਲ ਪੇਸ਼ ਕੀਤੀ ਹੈ | ਸਮਾਗਮ ਦੀ ਸੰਸਥਾਪਕ ਤੇ ਰਾਸ਼ਟਰੀ ਡਾਇਰੈਕਟਰ ਬਿਨੀਤਾ ਸ੍ਰੀਵਾਸਤਵ ਨੇ ਕਿਹਾ ਕਿ ਇਹ ਮੰਚ ਔਰਤਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਆਤਮ-ਨਿਰਭਰ ਬਣਨ ਦਾ ਖ਼ਾਸ ਮੌਕਾ ਦਿੰਦਾ ਹੈ |